ਅਸ਼ੋਕ ਵਰਮਾ
- ਸਾਮਾਨ ਦੀ ਖਰੀਦ ਸਮੇ ਲੋਕ ਇਕੱਠ ਨਾ ਕਰਨ--ਡੀਸੀ
ਮਾਨਸਾ, 25 ਮਾਰਚ: ਕੋਰੋਨਾ ਵਾਇਰਸ ਤੋਂ ਬਚਾਅ ਦੇ ਯਤਨਾਂ ਤਹਿਤ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀਆਂ ਰੋਜਾਨਾ ਵਰਤੋਂ ਵਿਚ ਆਉਣ ਵਾਲੀਆਂ ਜਰੂਰੀ ਵਸਤਾਂ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਬਣਾਈ ਗਈ ਵਿਊਂਤਬੰਦੀ ਅਨੁਸਾਰ ਪੁਲਿਸ ਦੀ ਨਿਗਰਾਨੀ ਵਿਚ ਘਰ-ਘਰ ਫਲ, ਸਬਜੀਆਂ, ਦੁੱਧ, ਰਾਸ਼ਨ ਅਤੇ ਐਲ.ਪੀ.ਜੀ. ਗੈਸ ਸਿਲੰਡਰ ਲੋਕਾਂ ਤੱਕ ਪਹੁੰਚਾਏ ਗਏ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨਾਂ ਲੋੜੀਂਦੀਆਂ ਵਸਤਾਂ ਦੀ ਵੰਡ ਲਈ ਤਰਤੀਬਵਾਰ ਸਮਾਂ ਸਾਰਣੀ ਬਣਾਈ ਗਈ ਹੈ, ਉਸੇ ਅਨੁਸਾਰ ਵੱਖ-ਵੱਖ ਵਸਤਾਂ ਅਲੱਗ ਅਲੱਗ ਸਮੇਂ ਤੇ ਲੋਕਾਂ ਤੱਕ ਪਹੁੰਚਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਹ ਵਸਤਾਂ ਲਿਜਾਣ ਵਾਲੇ ਵਿਕਰੇਤਾਵਾਂ ਦਾ ਡਾਕਟਰਾਂ ਵੱਲੋਂ ਮੁਕੰਮਲ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਉਪਰੰਤ ਹੀ ਉਨਾਂ ਨੂੰ ਵੱਖ-ਵੱਖ ਵਾਰਡਾਂ ਤੇ ਗਲੀਆਂ ਵਿਚ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਹੰਗਾਮੀ ਹਾਲਤ ਵਿਚ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਪੈ ਰਿਹਾ ਹੈ, ਪ੍ਰੰਤੂ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਕਿਸੇ ਵੀ ਜ਼ਿਲਾ ਵਾਸੀ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਇਸੇ ਤਰਾਂ ਤਰਤੀਬਵਾਰ ਲੋਕਾਂ ਦੇ ਘਰਾਂ ਤੱਕ ਪਹੁੰਚਦੀਆਂ ਰਹਿਣਗੀਆਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਕੋਈ ਵੀ ਸਾਮਾਨ ਲੈਣ ਸਮੇਂ ਇਕੱਠ ਨਾ ਕਰਨ, ਇਕ ਦੂਜੇ ਤੋਂ ਦੂਰੀ ਬਣਾਈ ਰੱਖਣ, ਸਾਮਾਨ ਦੀ ਖਰੀਦ ਸਮੇਂ ਆਪਣੇ ਹੱਥ ਚੰਗੀ ਤਰਾਂ ਸਾਫ ਕਰਨ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਕਰਦੇ ਹੋਏ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਈ ਰੱਖਣ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਦੀ ਘਰ-ਘਰ ਤੱਕ ਪਹੁੰਚ ਲਈ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਦੀ ਨਿਰਗਾਨੀ ਵਿਚ ਨਿਸ਼ਚਿਤ ਸਮੇਂ ਅਨੁਸਾਰ ਤਰਤੀਬਵਾਰ ਸਵੇਰੇ 7 ਵਜੇ ਤੋਂ 9 ਵਜੇ ਤੱਕ ਦੁੱਧ, ਸਵੇਰੇ 10 ਵਜੇ ਤੋਂ 12 ਵਜੇ ਤੱਕ ਸਬਜ਼ੀਆਂ, ਫਲ ਤੇ ਰਾਸ਼ਨ, ਸ਼ਾਮ 4 ਵਜੇ ਤੋਂ 5 ਵਜੇ ਤੱਕ ਪਸ਼ੂਆਂ ਦਾ ਚਾਰਾ, ਸਵੇਰੇ 7 ਵਜੇ ਤੋਂ 9 ਵਜੇ ਤੱਕ ਅਖ਼ਬਾਰ ਪਹੁੰਚਾਉਣਾ ਤੈਅ ਕੀਤਾ ਹੈ। ਇਸ ਤੋਂ ਇਲਾਵਾ ਐਲ.ਪੀ.ਜੀ. ਗੈਸ ਸਿਲੰਡਰ ਵੀ ਲੋੜਵੰਦਾਂ ਤੱਕ ਪਹੁੰਚਾਏ ਗਏ। ਉਕਤ ਵਸਤਾਂ ਉਨਾਂ ਨਾਲ ਦਰਸਾਏ ਸਮੇਂ ਦੌਰਾਨ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਰਹਿਣਗੀਆਂ।