ਅਸ਼ੋਕ ਵਰਮਾ
- ਘਰੇਲੂ ਅਤੇ ਵਪਾਰਕ ਸਿਲੰਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ
ਮਾਨਸਾ, 26 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਜਰੂਰੀ ਵਸਤਾਂ ਦੀ ਸਪਲਾਈ ਤੇ ਕਰਫਿਊ ਤੋਂ ਛੋਟ ਦਿੱਤੀ ਹੈ।
ਹੁਕਮ ਵਿਚ ਉਨ੍ਹਾਂ ਕਿਹਾ ਕਿ ਦੁੱਧ ਵਾਲੇ ਕਿਸਾਨਾਂ ਨੂੰ ਪਿੰਡਾਂ ਤੋਂ ਗੱਡੀਆਂ, ਟੈਂਕਰਾਂ ਰਾਹੀਂ ਦੁੱਧ ਚੀਲਿੰਗ /ਕੁਲੈਕਸ਼ਨ ਸੈਂਟਰਾਂ ਵਿਚ ਲਿਆਉਣ ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਦੀ ਆਗਿਆ ਦਿੱਤੀ ਹੈ। ਘਰੇਲੂ ਅਤੇ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ 2 ਵਜੇ ਤੱਕ ਹੋਵੇਗੀ। ਸਿਲੰਡਰ ਦੀ ਡਲਿਵਰੀ ਕਰਨ ਵਾਲੇ ਮੁਲਾਜ਼ਮਾਂ ਕੋਲ ਸਬੰਧਤ ਗੈਸ ਏਜੰਸੀ ਵੱਲੋਂ ਜਾਰੀ ਕੀਤਾ ਸ਼ਨਾਖਤੀ ਕਾਰਡ ਹੋਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਸਮੂਹ ਆਲੂ ਉਤਪਾਦਕ ਕਿਸਾਨ ਯਕੀਨੀ ਬਣਾਉਣਗੇ ਕਿ ਆਲੂ ਦੀ ਪੁਟਾਈ ਦਾ ਕੰਮ ਪਿੰਡ ਵਿਚ ਮੌਜੂਦ ਲੇਬਰ ਤੋਂ ਹੀ ਕਰਵਾਇਆ ਜਾਵੇ। ਖੇਤਾਂ ਵਿਚ ਕੰਮ ਕਰਦੇ ਸਮੇਂ 10 ਤੋਂ ਵੱਧ ਮਜ਼ਦੂਰ ਇਕ ਸਥਾਨ ਤੇ ਇਕੱਠੇ ਨਹੀਂ ਹੋਣਗੇ ਅਤੇ ਕੰਮ ਕਰਦੇ ਸਮੇਂ ਦੌਰਾਨ ਆਪਸ ਵਿਚ ਇਕ ਮੀਟਰ ਤੋਂ ਵੱਧ ਦੀ ਦੂਰੀ ਬਣਾ ਕੇ ਰੱਖਣਗੇ। ਕੰਮ ਕਰਦੀ ਲੇਬਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰੋਜਾਨਾ ਵਰਤੋ ਯੋਗ ਰਾਸ਼ਨ, ਸੈਨੀਟਾਇਜ਼ਰ, ਮਾਸਕ ਆਦਿ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਸਬੰਧਤ ਆਲੂ ਉਤਪਾਦਕ ਕਿਸਾਨ ਦੀ ਹੋਵੇਗੀ।