ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2020 - ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਰਫਿਊ ਕਾਰਨ ਪਿੰਡਾਂ ਵਿਚੋਂ ਦੁੱਧ ਅਤੇ ਸਬਜ਼ੀਆਂ ਦੀ ਸ਼ਹਿਰਾਂ ਤੇ ਕਸਬਿਆਂ ਨੂੰ ਰੁੱਕੀ ਹੋਈ ਸਪਲਾਈ ਫੌਰੀ ਤੌਰ'ਤੇ ਸ਼ੁਰੂ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ, ਤਾਂ ਜ਼ੋ ਕਿਸਾਨਾਂ ਮਜ਼ਦੂਰਾਂ ਦੀਆਂ ਇਹ ਕੀਮਤੀ ਉਪਜਾਂ ਖਰਾਬ ਹੋਣ ਕਾਰਨ ਉਨ੍ਹਾਂ ਦੀ ਪਹਿਲਾਂ ਹੀ ਖਸਤਾ ਹਾਲਤ ਨੂੰ ਹੋਰ ਨਿਘਰਨ ਤੋਂ ਬਚਾਇਆ ਜਾ ਸਕੇ।
ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲਾ ਪ੍ਰੈੱਸ ਸਕੱਤਰ ਅਤੇ ਸੀਪੀਆਈ ਐੱਮ ਐਲ ਲਿਬਰੇਸ਼ਨ ਮਾਲਵਾ ਕਮੇਟੀ ਜੋਨ ਦੇ ਮੇਬਰ ਗੁਰਤੇਜ ਮਹਿਰਾਜ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਟੀਵੀ ਚੈਨਲਾਂ ਉਤੇ ਤਾਂ ਕਰਫਿਊ ਦੌਰਾਨ ਜ਼ਰੁਰੀ ਵਸਤਾਂ ਦੀ ਸਪਲਾਈ ਆਮ ਵਾਂਗ ਜਾਰੀ ਰੱਖਣ ਦੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਪਰ ਅਮਲ ਵਿੱਚ ਇਸ ਬਾਰੇ ਕਿਧਰੇ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ।
ਜਿਸ ਕਰਕੇ ਇਕ ਪਾਸੇ ਪਿੰਡਾਂ ਵਿੱਚ ਕਿਸਾਨਾਂ ਦਾ ਦੁੱਧ ਅਤੇ ਸਬਜ਼ੀਆਂ ਬੇਕਾਰ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਸ਼ਹਿਰਾਂ ਵਿੱਚ ਆਮ ਜਨਤਾ ਇੰਨਾਂ ਚੀਜ਼ਾਂ ਲਈ ਤਰਸ ਰਹੀ ਹੈ ਅਤੇ ਦੁੱਗਣੇ ਪੈਸੇ ਖਰਚ ਕੇ ਵੀ ਉਨ੍ਹਾਂ ਨੂੰ ਲੋੜੀਂਦੀਆਂ ਵਸਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਕੋਰੋਨਾ ਬੀਮਾਰੀ ਦੀ ਰੋਕਥਾਮ ਲਈ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ, ਪਰ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੀ ਇਸ ਗੰਭੀਰ ਸਮਸਿਆ ਦਾ ਤੁਰੰਤ ਢੁਕਵਾਂ ਹੱਲ ਨਾ ਲੱਭਿਆ ਤਾਂ ਅਪਣੇ ਇਸ ਵੱਡੇ ਨੁਕਸਾਨ ਕਾਰਨ ਖਦਸਾ ਜਾਹਿਰ ਕੀਤਾ।