ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2020 - ਕੋਰੋਨਾ ਵਾਇਰਸ ਤੋਂ ਬਚਾਅ ਲਈ 24 ਘੰਟੇ ਲੋਕ ਸੇਵਾ ਵਿੱਚ ਮੁਸਤੈਦ ਪੁਲਿਸ, ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਔਖੇ ਸਮੇਂ ਵਿੱਚੋ ਗੁਜ਼ਰ ਰਿਹਾ ਹੈ, ਪੰਜਾਬ ਸੂਬੇ ਵਿੱਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 31 ਤੱਕ ਪਹੁੰਚਣਾ ਚਿੰਤਾਜਨਕ ਹੈ। ਅਜਿਹੇ ਹਾਲਾਤਾਂ ਵਿੱਚ ਫ਼ਰੰਟ ਲਾਈਨ ਵਰਕਰ ਦੇ ਤੋਰ ਤੇ ਮੋਰਚਾ ਸੰਭਾਲ ਰਹੇ ਸਿਹਤ ਵਿਭਾਗ, ਪੁਲਿਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀ ਲੋਕ ਸੇਵਾ ਇੱਕ ਮਿਸਾਲ ਹੈ। ਅੱਜ ਜਦੋਂ ਹਰ ਤਰ੍ਹਾਂ ਦੀ ਸੇਵਾਵਾਂ ਠੱਪ ਹੋ ਗਈਆਂ ਹਨ ਉਸ ਸਮੇਂ ਵਿੱਚ ਕੇਵਲ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਲੋਕਾਂ ਤੱਕ ਸਿਹਤ, ਰਾਸ਼ਨ ਅਤੇ ਹੋਰ ਜ਼ਰੂਰਤਾਂ ਪਹੁੰਚਾ ਰਹੇ ਹਨ। ਜਿਸ ਲਈ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਸਰਕਾਰੀ ਵਿਭਾਗਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਜਿਸ ਲਈ ਸਭ ਤੋਂ ਜ਼ਰੂਰੀ ਹੈ ਹਰ ਵਿਅਕਤੀ ਦਾ ਘਰ ਵਿੱਚ ਰਹਿ ਕੇ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਨਾ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਰੋਜਾਨਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ ਲੇਕਿਨ ਮਰੀਜਾਂ ਦੀ ਜਾਂਚ ਕਰ ਰਹੇ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਕੋਲ ਐਨ 95 ਮਾਸਕ, ਸੈਨੀਟਾਇਜਰ ਅਤੇ ਪੀਪੀਈ ਕਿੱਟ ਦੀ ਬੇਹੱਦ ਘਾਟ ਹੈ। ਜਿਸ ਕਾਰਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਹੈ। ਇਹ ਇੱਕ ਸੰਕ੍ਰਮਣ ਰੋਗ ਹੈ ਸਭ ਤੋਂ ਪਹਿਲਾਂ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਮੁਲਾਜਮ ਨੂੰ ਹੀ ਮਰੀਜ਼ ਦੀ ਜਾਂਚ ਕਰਨ ਭੇਜਿਆ ਜਾਂਦਾ ਹੈ ਜੋ ਸਿਧੇ ਤੌਰ ਤੇ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਲਈ ਸਿਹਤ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਉੱਚ ਕਵਾਲਿਟੀ ਦੇ ਮਾਸਕ ਜਾਂ ਕਿੱਟ ਉਪਲੱਬਧ ਕਰਵਾਉਣ ਬੇਹੱਦ ਜ਼ਰੂਰੀ ਹੈ।
ਲੇਕਿਨ ਬੀਤੇ ਦਿਨਾਂ ਤੋਂ ਸਰਕਾਰ ਵਲੋਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ ਲੇਕਿਨ ਦਿਹਾਤੀ ਖੇਤਰਾਂ ਵਿੱਚ ਮੁਲਾਜਮਾਂ ਨੂੰ ਸਪਲਾਈ ਨਹੀਂ ਮਿਲ ਰਹੀ ਹੈ। ਜਦਕਿ ਵਿਦੇਸ਼ਾਂ ਅਤੇ ਹੋਲਾ ਮਹਲਾ ਤੋਂ ਪਰਤੇ ਲੋਕਾਂ ਦੀ ਵੰਡੀ ਗਿਣਤੀ ਪਿੰਡਾਂ ਵਿੱਚ ਹੀ ਹੈ। ਸੋ ਪ੍ਰਸ਼ਾਸਨ ਜਲਦ ਤੋਂ ਜਲਦ ਮੁਲਾਜਮਾਂ ਨੂੰ ਉੱਚ ਕਵਾਲਿਟੀ ਦਾ ਸਮਾਨ ਉਪਲੱਬਧ ਕਰਵਾਏ। ਉਹਨਾਂ ਕਿਹਾ ਕਿ ਇਸ ਸਥਿਤੀ ਨੂੰ ਵੇਖਦੇ ਹੋਏ ਓਹਨਾ ਨੇ ਬਠਿੰਡਾ ਦਿਹਾਤੀ ਦੇ ਸਮੂਹ ਪੁਲਿਸ ਥਾਣਾ ਅਤੇ ਸਰਕਾਰੀ ਹਸਪਤਾਲਾਂ ਵਿੱਚ 1000 ਤੋਂ ਵੱਧ ਮਾਸਕ ਭੇਜੇ ਹਨ। ਉਹਨਾਂ ਵੱਲੋਂ ਆਪ ਵਲੰਟੀਅਰ ਦੇ ਸਹਿਯੋਗ ਨਾਲ ਹੋਰ ਸਮਾਨ ਭੇਜਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਬਠਿੰਡਾ ਦਿਹਾਤੀ ਵਿਚੋਂ ਲੋਕਾਂ ਵੱਲੋਂ ਰਾਸ਼ਨ ਅਤੇ ਦਵਾਈਆਂ ਨਾ ਮਿਲਣ ਦੇ ਫੋਨ ਆ ਰਹੇ ਸਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਹੱਲ ਨਿਕਲ ਚੁੱਕਾ ਹੈ ਸੰਗਤ ਮੰਡੀ, ਗੋਨਿਆਣਾ ਵਿੱਖੇ ਕੈਮਿਸਟ ਸ਼ੋਪ ਨਿਯਮਾਂ ਮੁਤਾਬਕ ਖੁੱਲ ਚੁੱਕੇ ਹਨ ਦਵਾਈਆਂ ਲੈਣ ਲਈ ਆਪਣੇ ਪਿੰਡ ਦੇ ਹੈਲਥ ਵਰਕਰ ਨਾਲ ਸੰਪਰਕ ਕਰ ਸਕਦੇ ਓ। ਕੁੱਝ ਦਿਨਾਂ ਵਿੱਚ ਹੋਰ ਵੱਡੇ ਪਿੰਡਾਂ ਦੇ ਕੈਮਿਸਟ ਸ਼ੋਪ ਨੂੰ ਵੀ ਲੋਕਾਂ ਲਈ ਖੋਲ੍ਹਣ ਦੇ ਅਧਿਕਾਰ ਦਿੱਤੇ ਜਾਣਗੇ। ਅਤੇ ਰਾਸ਼ਨ ਦੇ ਸੰਬੰਧ ਵਿੱਚ ਪਿੰਡ ਪੱਧਰ ਤੇ ਜਲਦ ਹੀ ਕੁੱਝ ਦੁਕਾਨਾਂ ਨੂੰ ਰਾਸ਼ਨ ਦੇਣ ਦੇ ਅਧਿਕਾਰ ਮਿਲ ਜਾਣਗੇ ਜਿਥੋਂ ਲੋਕ ਰਾਸ਼ਨ ਖ਼ਰੀਦ ਸਕਣਗੇ।
ਫ਼ੋਟੋ ਕੈਪਸ਼ਨ - ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਮਾਸਕ ਦਿੰਦੇ ਹੋਏ।