ਹਰਿੰਦਰ ਨਿੱਕਾ
- ਵਾਇਰਸ ਫੈਲਣ ਤੋਂ ਰੋਕਣ ਅਤੇ ਲੋੜਵੰਦਾਂ ਤੱਕ ਜ਼ਰੂਰੀ ਸਾਮਾਨ ਪਹੰਚਾਉਣ ਲਈ ਹਲਕੇ ਨੂੰ ਜ਼ੋਨਾਂ ’ਚ ਵੰਡ ਕੇ ਮਿਸ਼ਨ ਵਾਂਗ ਕੀਤਾ ਜਾਵੇਗਾ ਕੰਮ: ਸਿੰਗਲਾ
- ਸੰਗਰੂਰ, ਭਵਾਨੀਗੜ ਅਤੇ ਜ਼ਿਲੇ ਦੇ ਪਿੰਡਾਂ ’ਚ ਸੈਨੇਟਾਇਜ਼ਰ, ਮਾਸਕ ਤੇ ਆਟਾ ਵੰਡ ਕੇ ਕੀਤੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਸੰਗਰੂਰ, 26 ਮਾਰਚ 2020 - ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅੱਜ ਆਪਣੀ ਟੀਮ ਸਮੇਤ ਖੁਦ ਇਲਾਕੇ ਦੇ ਪਿੰਡਾਂ ਅਤੇ ਸ਼ਹਿਰ ਵਿਚ ਨਿਕਲੇ। ਇਸ ਮੌਕੇ ਉਨਾਂ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰ ਦੇ ਨੁਮਾਇੰਦਿਆਂ ਨੂੰ ਸੈਨੇਟਾਇਜ਼ਰ ਦੀਆਂ ਬੋਤਲਾਂ ਅਤੇ ਮਾਸਕ ਦਿੱਤੇ ਤਾਂ ਜੋ ਉਹ ਅੱਗੇ ਜਾ ਕੇ ਇਨਾਂ ਚੀਜ਼ਾਂ ਨੂੰ ਲੋੜਵੰਦਾਂ ਵਿਚ ਵੰਡ ਸਕਣ। ਇਸ ਤੋਂ ਇਲਾਵਾ ਉਨਾਂ ਵੱਲੋਂ ਸੰਗਰੂਰ ਸ਼ਹਿਰ ਵਿਚ ਲੋੜਵੰਦਾਂ ਨੂੰ ਆਟੇ ਦੀਆਂ ਥੈਲੀਆਂ ਵੀ ਵੰਡੀਆਂ ਗਈਆਂ।
ਵਾਇਰਸ ਫੈਲਣ ਤੋਂ ਰੋਕਣ ਲਈ ਵਰਤੇ ਜਾਣ ਵਾਲੇ ਸਾਮਾਨ ਦੀ ਵੰਡ ਦੌਰਾਨ ਕੈਬਨਿਟ ਮੰਤਰੀ ਵੱਲੋਂ ਇਸ ਵਾਇਰਸ ਦੀ ਲਾਗ ਰੋਕਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਅਤੇ ਹਰ ਵਿਅਕਤੀ ਨੂੰ ਇੱਕ ਦੂਸਰੇ ਤੋਂ ਘੱਟੋ- ਘੱਟ 1 ਮੀਟਰ ਦੀ ਦੂਰੀ ’ਤੇ ਰੱਖਿਆ ਗਿਆ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਮਿਸ਼ਨ ਵਾਂਗ ਕੰਮ ਕਰਨ ਦੀ ਲੋੜ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਹੀ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਉਹ ਆਪਣੀ ਟੀਮ ਨਾਲ ਆਪ ਹਲਕੇ ਵਿਚ ਉਤਰੇ ਹਨ।
ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਲੋੜਵੰਦਾਂ ਤੱਕ ਪੁੱਜਦੀਆਂ ਕਰਨ ਲਈ ਸੰਗਰੂਰ ਹਲਕੇ ਨੂੰ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਜਲਦ ਹੀ ਇਨਾਂ ਜ਼ੋਨਾਂ ਦੇ ਇੰਚਾਰਜਾਂ ਦੇ ਨੰਬਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪੁੱਜਦੇ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਜ਼ਰੂਰੀ ਸਾਮਾਨ ਦੀ ਵੰਡ ਮੌਕੇ ਇਸ ਟੀਮ ਵੱਲੋਂ ਹਮੇਸ਼ਾ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।
ਸਿੰਗਲਾ ਨੇ ਕਿਹਾ ਕਿ ਉਨਾਂ ਵੱਲੋਂ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਸ਼ਹਿਰ ਦੀਆਂ ਉੱਘੀਆਂ ਸਮਾਜਸੇਵੀ ਹਸਤੀਆਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨਾਂ ਕਿਹਾ ਕਿ ਇਸ ਟੀਮ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਸ਼ਕਿਲ ਦੀ ਇਸ ਘੜੀ ਦੌਰਾਨ ਜ਼ਰੂਰੀ ਸਾਮਾਨ ਦੀ ਵੰਡ ਮੌਕੇ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਆਧਾਰ ’ਤੇ ਵਿਤਕਰਾ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਉਹ ਹਮੇਸ਼ਾ ਲੋਕਾਂ ਵਿਚ ਹਾਜ਼ਰ ਹਨ ਅਤੇ ਲੋੜ ਪੈਣ ’ਤੇ ਇਲਾਕੇ ਦਾ ਕੋਈ ਵੀ ਵਿਅਕਤੀ ਉਨਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।