ਚੰਡੀਗੜ੍ਹ, 27 ਮਾਰਚ 2020 - ਕੋਰੋਨਾਵਾਇਰਸ ਦੇ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ 'ਚ ਕੰਮ ਕਰ ਰਹੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ, ਜੋ ਰਿਟਾਇਰਮੈਂਟ ਦੇ ਨੇੜੇ ਹਨ, ਨੂੰ 30 ਸਤੰਬਰ 2020 ਤੱਕ ਐਕਸਟੈਂਸ਼ਨ ਦਿੱਤੀ ਗਈ ਹੈ। ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਭਾਵ ਉਕਤ ਡਾਕਟਰਾਂ ਜਾਂ ਪੈਰਾ-ਮੈਡੀਕਲ ਸਟਾਫ 58 ਸਾਲਾਂ ਰਿਟਾਇਰਮੈਂਟ ਉਪਰੰਤ ਪਹਿਲੇ ਸਾਲ ਦੇ ਵਾਧੇ ਤੇ ਹੋਣ ਜਾਂ ਦੂਸਰੇ ਸਾਲ ਦੇ ਵਾਧੇ 'ਤੇ ਹੋਣ ਜਾਂ ਉਸਦੀ ਰਿਟਾਇਰਮੈਂਟ ਮਿਤੀ 30-09-2020 ਹੋਵੇ ਤਾਂ ਵੀ ਉਹ ਮਿਤੀ 30ਸਤੰਬਰ ਤੱਕ ਸਿਹਤ ਵਿਭਾਗ ਵੱਲੋਂ ਦਿੱਤੀ ਐਕਸਟੈਂਸ਼ਨ 'ਚ ਸਰਕਾਰੀ ਸੇਵਾ 'ਚ ਕੰਮ ਕਰਦੇ ਰਹਿਣਗੇ। ਇਸ ਤੋਂ ਇਲਾਵਾ ਇਹ ਡਾਕਟਰ-ਪੈਰਾ ਮੈਡੀਕਲ ਸਟਾਫ ਐਕਸਟੈਂਸ਼ਨ ਦੌਰਾਨ ਕਿਸੇ ਵੀ ਪ੍ਰਮੋਸ਼ਨ ਅਤੇ ਵਾਧੂ ਵਿੱਤੀ ਲਾਭ ਦੇ ਪਾਤਰ ਨਹੀਂ ਹੋਣਗੇ। ਇਸ ਸਬੰਧੀ ਕਿਸੇ ਅਧਿਕਾਰੀ/ਕਰਮਚਾਰੀ ਦਾ ਕੇਸ ਸਰਕਾਰ ਨੂੰ ਨਾ ਭੈਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਇਸ ਸਮੇਂ ਦੌਰਾਨ ਰਿਟਾਇਰਮੈਂਟ ਲਈ ਅਪਲਾਈ ਨਹੀਂ ਕਰਨਗੇ ਤੇ ਨਾ ਹੀ ਉਨ੍ਹਾਂ ਵੱਲੋਂ ਰਿਟਾਇਰਮੈਂਟ ਸਬੰਧੀ ਪ੍ਰਾਪਤ ਕੇਸ ਵਿਚਾਰਿਆ ਜਾਏਗਾ।