ਅੰਮ੍ਰਿਤਸਰ, 27 ਮਾਰਚ 2020 -ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੇ ਅੱਜ ਤੋਂ ਇੰਨਾਂ ਵਸਤਾਂ ਦੀ ਹੋਮ ਡਿਲਵਰੀ ਸ਼ੁਰੂ ਕਰ ਦਿੱਤੀ ਹੈ।। ਇਸ ਕੰਮ ਲਈ ਵੱਖ-ਵੱਖ ਐਸੋਸੀਏਸ਼ਨਾਂ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ। ਅੱਜ ਕਈ ਥਾਵਾਂ ਤੋਂ ਆਮ ਨਾਲੋਂ ਵੱਧ ਰੇਟ ਵਸੂਲਣ ਦੀਆਂ ਆਈਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਸਬੰਧਤ ਵਿਭਾਗਾਂ ਨੂੰ ਇਸ ਮੁੱਦੇ ਉਤੇ ਚੌਕਸ ਕਰਦੇ ਕਿਹਾ ਕਿ ਜਿਥੇ ਕਿਧਰੇ ਵੀ ਅਜਿਹਾ ਕੇਸ ਸਾਹਮਣੇ ਆਵੇ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਲੁੱਟਣ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਸ. ਢਿਲੋਂ ਨੇ ਸਾਰੇ ਕਾਰੋਬਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਨਾ ਚੁੱਕਣ।
ਦੁੱਧ ਲਈ ਦੋਧੀਆਂ ਵੱਲੋਂ ਸਵੇਰੇ 8 ਵਜੇ ਤੱਕ ਘਰਾਂ ਵਿਚ ਦੁੱਧ ਦਿੱਤਾ ਗਿਆ, ਜਦਕਿ ਵੇਰਕਾ ਤੇ ਅਮੁਲ ਦੁਪਿਹਰ 2 ਵਜੇ ਤੱਕ ਦੁੱਧ ਦੀ ਸਪਲਾਈ ਮੁਹੱਲਿਆਂ ਵਿਚ ਕਰਦੇ ਰਹੇ।। ਇਸ ਤੋਂ ਇਲਾਵਾ ਸਬਜੀ ਮੰਡੀ ਖੁੱਲਣ ਕਾਰਨ ਅੱਜ ਸ਼ਹਿਰ ਦੇ ਮੁਹੱਲਿਆਂ ਵਿਚ ਵੀ ਸਬਜੀ ਵੀ ਪੁੱਜੀ।। ਅਖਬਾਰਾਂ ਦੀ ਸਪਲਾਈ ਦੀ ਕੰਮ ਬੇਰੋਕ ਚੱਲ ਰਿਹਾ ਹੈ।। ਦਵਾਈਆਂ ਦੀਆਂ ਦੁਕਾਨਾਂ ਲਈ ਕੈਮਿਸਟ ਐਸੋਸੀਏਸ਼ਨ ਵੱਲੋਂ ਜੋ ਮੋਬਾਈਲ ਨੰਬਰ ਦਿੱਤੇ ਗਏ ਹਨ, ਉਨਾਂ ਉਤੇ ਫੋਨ ਕਰਕੇ ਲੋਕਾਂ ਨੂੰ ਦਵਾਈ ਘਰ ਮੰਗਵਾਉਣ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ।। ਐਲ ਪੀ ਜੀ ਦੀ ਬੁਕਿੰਗ ਲੋਕ ਘਰਾਂ ਤੋਂ ਆਪਣੇ ਫੋਨ ਉਤੇ ਪਹਿਲਾਂ ਦੀ ਤਰਾਂ ਕਰਕੇ ਗੈਸ ਦੀ ਸਪਲਾਈ ਪ੍ਰਾਪਤ ਕਰਨ ਲੱਗੇ ਹਨ। ਕਰਿਆਨਾ ਦੀਆਂ ਦੁਕਾਨਾਂ ਦੀਆਂ ਸੂਚੀਆਂ ਵੀ ਮੋਬਾਈਲ ਨੰਬਰ ਸਮੇਤ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਨਾਂ ਉਤੇ ਫੋਨ ਕਰਕੇ ਲੋਕ ਇਹ ਸਪਲਾਈ ਲੈ ਰਹੇ ਹਨ।
ਜ਼ਰੂਰੀ ਦਫਤਰਾਂ, ਅਖਬਾਰਾਂ ਦੇ ਕਰਮਚਾਰੀ, ਰੇਡੀਓ ਚੈਨਲਾਂ ਦੇ ਮੁਲਾਜ਼ਮਾਂ ਆਦਿ ਵੀ ਕਰਫਿਊ ਪਾਸ ਪ੍ਰਾਪਤ ਕਰਕੇ ਆਪਣੀ ਡਿਊਟੀ ਉਤੇ ਆਉਣ ਲੱਗੇ ਹਨ।। ਸ਼ਹਿਰ ਤੋਂ ਇਲਾਵਾ ਮਜੀਠਾ, ਬਾਬਾ ਬਕਾਲਾ ਸਾਹਿਬ, ਅਜਨਾਲਾ ਵਿਖੇ ਵੀ ਸਬੰਧਤ ਐਸ ਡੀ ਐਮਜ਼ ਵੱਲੋਂ ਆਪਣੇ ਪੱਧਰ ਉਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਹੋਮ ਡਿਲਵਰੀ ਸ਼ੁਰੂ ਕਰਵਾ ਦਿੱਤੀ ਗਈ ਹੈ।। ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਉਨਾਂ ਵੱਲੋਂ ਲੰਗਰ ਤੋਂ ਇਲਾਵਾ ਸੁੱਕਾ ਰਾਸ਼ਨ ਵੀ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ। ਸ਼ਹਿਰ ਵਿਚ ਕੈਮੀਕਲ ਦੀ ਸਪਰੇਅ ਵਾਇਰਸ ਮੁੱਕਤ ਕਰਨ ਲਈ ਚੱਲ ਰਹੀ ਹੈ।