ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2020 - ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬਠਿੰਡਾ ਸ਼ਹਿਰ, ਜ਼ਿਲ੍ਹੇ ਦੇ ਕਸਬਿਆਂ ਤੇ ਪਿੰਡਾਂ ਵਿੱਚ ਲਾਏ ਕਰਫਿਊ ਕਾਰਨ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਹੱਲ ਕਰਨ ਲਈ ਦੁਕਾਨਾਂ ਖੋਹਲਣ ਵਾਸਤੇ ਪਾਸਾਂ ਦਾ ਦਾਇਰਾ ਖੁੱਲ੍ਹਾ ਕਰਨ ਦੀ ਮੰਗ ਕੀਤੀ ਹੈ। ਇੱਕ ਪ੍ਰੈੱਸ ਬਿਆਨ ਵਿੱਚ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਜਨਰਲ ਸਕੱਤਰ ਭੁਪਿੰਦਰ ਸੰਧੂ ਅਤੇ ਸਰਪ੍ਰਸਤ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਭਾਵੇਂ ਜ਼ਿਲਾ ਪ੍ਰਸ਼ਾਸਨ ਕਰਫ਼ਿਊ ਨੂੰ ਲਾਗੂ ਕਰਨ ਤੇ ਲੋਕਾਂ ਨੂੰ ਜਰੂਰੀ ਵਸਤਾਂ ਪਹੁੰਚਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਫਿਰ ਵੀ ਕਈ ਕਮੀਆਂ ਰਹਿ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਰਾਸ਼ਨ ਦੀ ਸਪਲਾਈ ਲਈ ਸਿਰਫ਼ ਚਾਰ ਵੱਡੇ ਮਾਲ ਹੀ ਖੁਲੇ ਰੱਖੇ ਗਏ ਹਨ, ਜੋ ਕਿ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਨਹੀਂ ਬਲਕਿ ਉੱਥੇ ਇਸ ਸ਼ਰਤ ਤੇ ਹੀ ਰਾਸ਼ਨ ਦਿੱਤਾ ਜਾਂਦਾ ਹੈ ਕਿ ਪਹਿਲਾਂ ਇੱਕ ਹਜ਼ਾਰ ਰੁਪਏ ਅਡਵਾਂਸ ਕਾਰਡ ਬਣਿਆ ਹੋਵੇ। ਉਨ੍ਹਾਂ ਕਿਹਾ ਕਿ ਘਰਾਂ ਤੱਕ ਰਾਸ਼ਨ ਦੀ ਸਪਲਾਈ ਦਾ ਉਨਾਂ ਵੱਲੋਂ ਕੋਈ ਪ੍ਰਬੰਧ ਨਹੀਂ ਜੇਕਰ ਹੈ ਤਾਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਮਹੱਲਿਆਂ ਦੀਆਂ ਦੁਕਾਨਾਂ ਸੀਮਤ ਸਮੇਂ ਲਈ ਖੁੱਲੀਆਂ ਰੱਖਣ ਲਈ ਪਾਸ ਜਾਰੀ ਕੀਤੇ ਜਾਣੇ ਚਾਹੀਦੇ ਹਨ। ਦਵਾਈਆਂ ਦੀਆਂ ਲੱਗਭਗ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਹਨ ਅਤੇ ਹੋਮ ਡਿਲੀਵਰੀ ਵੀ ਅਮਲੀ ਰੂਪ ਵਿੱਚ ਲਾਗੂ ਨਹੀਂ ਹੋ ਰਹੀ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਦਵਾਈਆਂ ਹਾਸਲ ਕਰਨ ਵਿੱਚ ਵਿਸ਼ੇਸ਼ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਸਿਰਫ਼ ਥੋਕ ਵਾਲਿਆਂ ਨੂੰ ਹੀ ਆੜਤੀਏ ਸਬਜੀ ਦੇ ਰਹੇ ਹਨ ਅਤਤੇ ਰੇਹੜੀ-ਫੜੀ ਵਾਲਿਆਂ ਦੀ ਸਪਲਾਈ ਬੰਦ ਹੈ।
ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਦੀ ਮਿਹਨਤ ਮਜ਼ਦੂਰੀ ਤੇ ਆਮਦਨ ਦੇ ਸਾਧਨ ਬੰਦ ਹੋ ਜਾਣ ਕਰਕੇ ਉਹ ਭੁੱਖਮਰੀ ਦੀ ਕਾਗਾਰ ਤੇ ਪੁੱਜ ਗਏ ਹਨ। ਉਨਾਂ ਲੋਕਾਂ ਤੱਕ ਪ੍ਰਸ਼ਾਸਨ ਮੁਫਤ ਰਾਸ਼ਨ ਦੀ ਸਪਲਾਈ ਯਕੀਨੀ ਬਣਾਵੇ ਤੇ ਜਾਂ ਫਿਰ ਉਨਾਂ ਨੂੰ ਮਾਲੀ ਸਹਇਤਾ ਮੁਹੱਈਆ ਕਰਾਈ ਜਾਵੇ। ਸਭਾ ਦੇ ਆਗੂਆਂ ਨੇ ਅੱਗੇ ਕਿਹਾ ਕਿ ਕੋਰੋਨਾ ਨਾਲ ਪ੍ਭਾਵਿਤ ਲੋਕਾਂ ਦੇ ਇਲਾਜ ਵਿੱਚ ਰੁੱਝੇ ਮੈਡੀਕਲ ਅਮਲੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਜ਼ਰੂਰੀ ਮੈਡੀਕਲ ਕਿੱਟਾਂ ਤੇ ਸਾਜੋ ਸਮਾਨ ਮਹਈਆ ਕਰਵਾਇਆ ਜਾਵੇ ਤੇ ਉਨਾਂ ਦੇ ਆਉਣ ਜਾਣ ਲਈ ਵਾਹਨ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਮੈਡੀਕਲ ਵਰਕਰਾਂ ਤੋਂ ਲੋਕਾਂ ਵੱਲੋਂ ਇਨਫੈਕਸਨ ਡਰ ਕਾਰਨ ਖ਼ਾਲੀ ਕਰਾਏ ਜਾ ਰਹੇ ਮਕਾਨਾਂ ਦੇ ਅਮਲ ਤੇ ਤੁਰੰਤ ਰੋਕ ਲਈ ਜਾਵੇ। ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਆਪਣੇ ਵੱਲੋਂ ਲੋਕਾਂ ਨੂੰ ਮੈਡੀਸਨ ਤੇ ਰਾਸ਼ਨ ਦੀ ਸਹਾਇਤਾ ਦੇਣ ਲਈ ਵਿਉਂਤਬੰਦੀ ਕਰਨ ਦਾ ਵੀ ਫੈਸਲਾ ਲਿਆ ਹੈ।