- ਸਤਾ ਦਾ ਸੁੱਖ ਭੋਗ ਰਹੇ ਦੂਜੀ ਤੇ ਤੀਜੀ ਕਤਾਰ ਦੇ ਆਗੂਆਂ ਵੀ ਲੋਕਾਂ ਦੀ ਸਾਰ ਲੈਣ ਤੋਂ ਵੱਟਿਆ ਕਿਨਾਰਾ
ਫਿਰੋਜ਼ਪੁਰ, 27 ਮਾਰਚ 2020 - ਵੋਟ ਪ੍ਰਾਪਤੀ ਲਈ ਆਪਣੇ ਹਲਕਿਆਂ ਦੇ ਵੋਟਰਾਂ ਨੂੰ ਰੱਬ ਦਾ ਰੂਪ ਦੱਸ ਉਹਨਾਂ ਦੀ ਹਰ ਮੰਗ ਪੂਰੀ ਕਰਨ ਤੱਕ ਜਾਂਦੇ ਰਾਜਸੀ ਆਗੂ ਕੋਰੋਨਾ ਵਾਇਰਸ ਦੀ ਮਾਰ ਤੋਂ ਬਚਣ ਲਈ ਘਰਾਂ ਵਿੱਚ ਤਾੜੇ ਲੋਕਾਂ ਦੀ ਸਾਰ ਤੱਕ ਲੈਣ ਤੋਂ ਕਿਨਾਰਾ ਕਰ ਗਏ ਹਨ। 22 ਮਾਰਚ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਦਿਨ ਦੇ ਲਾਕਡਾਊਨ ਉਪਰੰਤ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਕਰਫਿਊ ਲਾਉਣ ਤੋਂ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਮੁੜ ਸਮੁੱਚੇ ਦੇਸ਼ ਦੀ ਜਨਤਾ ਨੂੰ 21 ਦਿਨਾਂ ਲਈ ਲਾਕਡਾਊਨ ਕਰ ਦੇਣ ਦੇ ਬਾਅਦ ਅੱਜ ਤੱਕ ਕਿਸੇ ਵੀ ਸਿਆਸੀ ਨੇਤਾ ਜਾਂ ਆਗੂ ਨੇ ਫਿਰੋਜ਼ਪੁਰ ਵਾਸੀਆਂ ਦੀ ਬਾਤ ਨਹੀਂ ਪੁੱਛੀ।
ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤਾਂ ਕੀ ਸਤਾ ਦਾ ਸੁੱਖ ਭੋਗ ਰਹੇ ਦੂਜੀ ਤੇ ਤੀਜੀ ਕਤਾਰ ਦੇ ਆਗੂਆਂ ਤੱਕ ਨੇ ਫਿਰੋਜ਼ਪੁਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਤਾਂ ਕੀ ਕਰਨਾ ਜਾਂ ਕਰਾਉਣਾ ਸੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਥੋਂ ਤੱਕ ਕਿ ਪਿਛਲਾ ਲੰਮਾ ਸਮਾਂ ਰਾਜ ਭਾਗ ਮਾਣ ਚੁੱਕੀਆਂ ਪਾਰਟੀਆਂ ਸਮੇਤ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਫਿਰੋਜ਼ਪੁਰ ਦੇ ਲੋਕਾਂ ਦੀਆਂ ਲੋੜਾਂ ਤੇ ਦੁੱਖ ਤਕਲੀਫ਼ ਨੂੰ ਸੁਲਝਾ ਕੇ ਉਸ ਦੀ ਪੂਰਤੀ ਕਰਨਾ ਤਾਂ ਦੂਰ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਨੇੜੇ ਹੋ ਕੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਰਾਜਸੀ ਆਗੂਆਂ ਵੱਲੋਂ ਸੰਕਟ ਦੀ ਘੜੀ ਘਰਾਂ 'ਚ ਬੰਦ ਜਨਤਾ ਦੀਆਂ ਜ਼ਰੂਰਤਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖ਼ੀ ਬਾਰੇ ਫਿਰੋਜ਼ਪੁਰ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਾਸੀਆਂ ਨੂੰ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਫਿਰੋਜ਼ਪੁਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰ ਜਾਂ ਭਵਿੱਖ ਵਿੱਚ ਕੌਂਸਲ ਦੀ ਨੁਮਾਇੰਦਗੀ ਹਾਸਲ ਕਰਨ ਲਈ ਉਮੀਦਾਂ ਲਾਈ ਬੈਠੇ ਸੱਤਾਧਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਲਾਕਡਾਊਨ ਤੇ ਪੰਜਾਬ ਸਰਕਾਰ ਵੱਲੋਂ ਐਲਾਨੇ ਕਰਫਿਊ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਵਾਉਣ ਹਿੱਤ ਆਪਣੇ ਵਾਰਡਾਂ/ਮੁਹੱਲਿਆਂ ਦੇ ਲੋਕਾਂ ਦੀ ਸਾਰ ਲੈਣ ਲਈ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਉਨ੍ਹਾਂ ਦੀਆਂ ਰੋਜ਼ਮਰਾ ਦੀਆਂ ਲੋੜਾਂ ਨੂੰ ਪੁਰਿਆਂ ਕਰਨ ਲਈ ਆਪਣੇ ਜਾਂ ਸਰਕਾਰੀ ਪੱਧਰ 'ਤੇ ਯਤਨ ਕਰਨੇ ਚਾਹੀਦੇ ਹਨ, ਹੋਰ ਨਹੀਂ ਤਾਂ ਲਾਕਡਾਊਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਾਉਣ ਲਈ ਆਪਣੇ ਮੁਹੱਲਿਆਂ/ਵਾਰਡਾਂ ਵਿੱਚ ਪੁਲਿਸ ਮੁਲਾਜਮਾਂ ਦੀ ਮਦਦ ਕਰਨੀ ਚਾਹੀਦੀ ਹੈ। ਪਰ ਲਗਦਾ ਹੈ ਕਿ ਫਿਰੋਜਪੁਰ ਦੇ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪਹਿਲੀ, ਦੂਜੀ ਤੇ ਤੀਜੀ ਕਤਾਰ ਦੇ ਆਗੂ ਆਪਣਾ ਤੇ ਆਪਣੇ ਪਰਿਵਾਰਾਂ ਦੀ ਦੇਖ ਰੇਖ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਅਤੇ ਆਪਣੇ ਹਲਕਿਆਂ, ਬਲਾਕਾਂਂ ਜਾਂ ਵਾਰਡਾਂ ਦੇ ਲੋੜ ਵੇੇੇਲੇ ਰੱਬ ਸਮਝੇ ਜਾਣ ਵਾਲੇ ਵੋਟਰਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਗਿਆ ਹੈ।