ਅਸ਼ੋਕ ਵਰਮਾ
- ਆਪਣੀ ਤਨਖਾਹ ਵਿੱਚੋਂ ਕੀਤੀ ਗਰੀਬ ਪਰਿਵਾਰ ਦੇ ਮਰੀਜ਼ ਦੀ ਆਰਥਿਕ ਮਦਦ
ਬਠਿੰਡਾ, 27 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਸੂਬੇ ਭਰ ਵਿੱਚ ਲੱਗੇ ਕਰਫਿਊ ਕਾਰਨ ਜਿੱਥੇ ਆਮ ਲੋਕਾਂ ਤੇ ਪੁਲਸ ਡੰਡਾ ਵਰ੍ਹਾਉਂਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਕੁਝ ਵਧੀਆਂ ਸੋਚ ਦੇ ਪੁਲਿਸ ਮੁਲਾਜ਼ਮਾਂ ਕਾਰਨ ਲੋੜਵੰਦ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋ ਰਹੀ ਹੈ। ਅਜਿਹਾ ਹੀ ਮਾਮਲਾ ਪਿੰਡ ਮਹਿਮਾ ਸਵਾਈ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਪੁਲੀਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੀ ਟੀਮ ਵੱਲੋਂ ਪਿੰਡ ਮਹਿਮਾ ਸਵਾਈ ਵਿਖੇ ਕੀਤੇ ਫਲੈਗ ਮਾਰਚ ਦੌਰਾਨ ਇੱਕ ਦਲਿਤ ਪਰਿਵਾਰ ਦੇ ਗ਼ਰੀਬ ਮਜ਼ਦੂਰ ਜੋ ਕਿ ਦਿਲ ਦੀ ਬਿਮਾਰੀ ਨਾਲ ਪੀੜਤ ਸੀ ਦੀ ਆਰਥਿਕ ਮਦਦ ਕਰਕੇ ਇੱਕ ਨਿਵੇਕਲੀ ਪਹਿਲ ਕੀਤੀ ਗਈ।
ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਆਸਾ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਬੀਤੇ ਦਿਨ ਗੋਨਿਆਣਾ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ਵੱਲੋਂ ਪੈਸੇ ਨਾ ਹੋਣ ਕਰਕੇ ਉਸ ਦਾ ਇਲਾਜ ਰੋਕ ਦਿੱਤਾ ਗਿਆ ਅਤੇ ਪੁਲਿਸ ਡਿਊਟੀ ਦੌਰਾਨ ਆਏ ਚੌਕੀ ਇੰਚਾਰਜ ਏਐੱਸਆਈ ਕੌਰ ਸਿੰਘ ਨੂੰ ਪਤਾ ਲੱਗਣ ਤੇ ਉਨ੍ਹਾਂ ਆਪਣੀ ਪੂਰੀ ਪੁਲਸ ਟੀਮ ਨਾਲ ਇਸ ਪੀੜਤ ਦੀ ਆਰਥਿਕ ਮਦਦ ਕੀਤੀ ਗਈ ਉਥੇ ਹੀ ਸਰਪੰਚ ਅਤੇ ਪਿੰਡ ਵਾਸੀਆਂ ਵੱਲੋਂ ਵੀ ਆਸਾ ਸਿੰਘ ਦੀ ਆਰਥਿਕ ਮਦਦ ਕਰਕੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ।
ਇਸ ਮੌਕੇ ਏ ਐੱਸ ਆਈ ਕੌਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਸਮਾਜ ਸੇਵਾ ਤੇ ਅਜਿਹੇ ਪੀੜਤ ਲੋਕਾਂ ਦੀ ਮਦਦ ਲਈ ਆਪਣੀ ਟੀਮ ਨਾਲ ਹਮੇਸ਼ਾ ਯਤਨਸ਼ੀਲ ਰਹਿਣਗੇ।ਪੁਲੀਸ ਟੀਮ ਵੱਲੋਂ ਕੀਤੀ ਗਈ ਮਦਦ ਨੇ ਆਮ ਲੋਕਾਂ ਵਿੱਚ ਪੁਲਿਸ ਦੀ ਖਰਾਬ ਹੋ ਰਹੀ ਦਿਖ ਨੂੰ ਸੁਧਾਰਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ ।ਇਸ ਮੌਕੇ ਪੁਲੀਸ ਟੀਮ ਵਿੱਚ ਏ ਐੱਸ ਆਈ ਦਲਜੀਤ ਸਿੰਘ, ਏ ਐਸ ਆਈ ਜਸਵੀਰ ਸਿੰਘ , ਗਮਦੂਰ ਸਿੰਘ, ਲਖਵੀਰ ਸਿੰਘ, ਗੁਰਦਿੱਤ ਸਿੰਘ, ਲਵਜੀਤ ਕੌਰ ਹਾਜ਼ਰ ਸਨ।