ਮਨਿੰਦਰਜੀਤ ਸਿੱਧੂ
ਜੈਤੋ, 27 ਮਾਰਚ 2020 - ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਮਹਾਂਮਾਰੀ ਨੂੰ ਰੋਕਣ ਲਈ ਜੋ ਕਰਫ਼ਿਊ ਲਗਾਇਆ ਗਿਆ ਹੈ ਉਸ ਨੂੰ ਲਾਗੂ ਕਰਨ ਲਈ ਪੰਜਾਬ ਪੁਲਿਸ ਨੂੰ ਇਸ ਸਬੰਧੀ ਵੱਡੇ ਪੱਧਰ ਤੇ ਯਤਨ ਕਰਨੇ ਪੈ ਰਹੇ ਹਨ ਅਤੇ ਕਈ ਜਗ੍ਹਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਥਿਤੀ ਨੂੰ ਸਾਂਭਣ ਲਈ ਕਈ ਥਾਂ ਤੇ ਗ਼ੈਰ-ਜ਼ਰੂਰੀ ਬਲ ਦਾ ਪ੍ਰਯੋਗ ਕਰਨਾ ਪੈ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਖਰਾਬ ਹੁੰਦੀ ਹੈ ਅਤੇ ਪੁਲਿਸ ਦੇ ਅਕਸ ਨੂੰ ਢਾਹ ਲੱਗਦੀ ਹੈ।
ਇਸ ਸਬੰਧੀ ਪਿਛਲੇ ਦਿਨੀਂ ਕਈ ਨਮੂਨੇ ਦੇਖਣ ਨੂੰ ਵੀ ਮਿਲੇ ਹਨ, ਜਿਸਦਾ ਇੱਕ ਕਾਰਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ ਘੱਟ ਹੋਣਾ ਵੀ ਹੈ। ਪੰਜਾਬ ਪੁਲਿਸ ਦੇ ਬਹੁਤ ਸਾਰੇ ਅਫਸਰ ਤੇ ਮੁਲਾਜ਼ਮ ਵੱਖ ਵੱਖ ਰਾਜਸੀ ਆਗੂਆਂ ਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਬਤੌਰ ਸੁਰੱਖਿਆ ਗਾਰਡ ਤਾਇਨਾਤ ਹਨ। ਹਾਲਾਂਕਿ ਸੀਨੀਅਰ ਅਧਿਕਾਰੀਆਂ ਵੱਲੋਂ ਕਈ ਵਾਰ ਗੈਰ ਜ਼ਰੂਰੀ ਸੁਰੱਖਿਆ ਗਾਰਡ ਵਾਪਸ ਬੁਲਾਉਣ ਦੇ ਬਿਆਨ ਦਿੱਤੇ ਗਏ ਹਨ ਲੇਕਿਨ ਹਕੀਕਤ ਇਹ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਸੁਰੱਖਿਆ ਗਾਰਡ ਨਾਲ ਲੈ ਕੇ ਘੁੰਮਦੇ ਹਨ। ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜਾਂ ਨੂੰ ਵੀ ਗੰਨਮੈਨ ਦਿੱਤੇ ਹੋਏ ਹਨ। ਇਹ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਹੈ।
ਪੂਰੇ ਪੰਜਾਬ ਦੀ ਸੁਰੱਖਿਆ ਨੂੰ ਦਾਅ 'ਤੇ ਲਗਾ ਕੇ ਕੁੱਝ ਵਿਅਕਤੀਆਂ ਦੀ ਸੁਰੱਖਿਆ ( ਪ੍ਰਭਾਵ ਵਧਾਉਣ ਲਈ ) ਕਰਨੀ ਕਿਸੇ ਵੀ ਹਾਲਤ ਵਿੱਚ ਉਚਿਤ ਨਹੀਂ ਹੈ। ਅੱਜ ਕੱਲ੍ਹ ਜਦੋਂ ਪੂਰੇ ਦੇਸ਼ ਵਿੱਚ ਕਰਫਿਊ ਵਰਗੀ ਸਥਿਤੀ ਹੈ ਵਿਅਕਤੀਗਤ ਸੁਰੱਖਿਆ ਦੇਣ ਦਾ ਕੋਈ ਆਧਾਰ ਹੀ ਨਹੀਂ ਬਣਦਾ।ਇਸ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪੰਜਾਬ ਵਿੱਚ ਵੱਖ ਵੱਖ ਰਾਜਸੀ ਆਗੂਆਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਤਾਇਨਾਤ ਕੀਤੇ ਪੰਜਾਬ ਪੁਲਿਸ ਦੇ ਜਵਾਨ ਤੁਰੰਤ ਵਾਪਸ ਬੁਲਾ ਕੇ ਉਨ੍ਹਾਂ ਨੂੰ ਆਪਣੇ ਸਾਥੀਆਂ ਦੀ ਸਹਾਇਤਾ ਲਈ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ। ਰਾਜਸੀ ਲੀਡਰਾਂ ਨੂੰ ਵੀ ਕੁੱਝ ਦਿਨਾਂ ਲਈ ਆਪਣੇ ਸੁਰੱਖਿਆ ਕਰਮੀ ਪੁਲਿਸ ਮੁਲਾਜਮ ਆਪਣੀ ਸੁਰੱਖਿਆ ਵਿੱਚੋਂ ਸੁਰਖਰੂ ਕਰਕੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਵਿੱਚ ਪਹਿਲ ਕਰਨ।