ਹਰਿੰਦਰ ਨਿੱਕਾ
- ਨਹੀਂ ਹੋਣ ਦੇਣੀ ਜਰੂਰੀ ਵਸਤਾਂ ਦੀ ਜਮਾਂਖੋਰੀ, ਬਲੈਕਮਾਰਕੀਟਿੰਗ ਤੇ ਲੋਕਾਂ ਦਾ ਸੋਸ਼ਣ
- ਅੱਜ ਤੋਂ ਦਲਬਲ ਨਾਲ ਮੈਦਾਨ 'ਚ, ਉਤਰੂ ਵਿਜੀਲੈਂਸ ਵਿਭਾਗ
ਬਰਨਾਲਾ, 28 ਮਾਰਚ 2020 - ਕਰਫਿਊ ਦੇ ਦੌਰਾਨ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਕੁਝ ਦੁਕਾਨਦਾਰਾਂ ਬਾਰੇ ਸ਼ਿਕਾਇਤਾਂ ਲਗਾਤਾਰ ਧਿਆਨ ਵਿੱਚ ਆਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਵਿਜੀਲੈਂਸ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਦੇ ਡੀਜੀ ਨੇ ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਰੂਰੀ ਵਸਤਾਂ ਦੀ ਖਰੀਦ ਚ, ਹੋ ਰਹੀ ਕਾਲਾਬਜਾਰੀ ਕਰਕੇ ਲੋਕਾਂ ਦੇ ਹੋ ਰਹੇ ਸੋਸ਼ਣ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਆਪਣੀਆਂ ਅੱਖਾਂ ਤੇ ਕੰਨ ਖੋਹਲ ਕੇ ਰੱਖਣ।
ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਉ ਲਈ ਸਰਕਾਰ ਦੁਆਰਾ ਲਾਗੂ ਕੀਤੇ ਕਰਫਿਊ ਦੇ ਦੌਰਾਨ ਕੁਝ ਜਰੂਰੀ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਅਤੇ ਕੁਝ ਕੈਮਿਸਟਾਂ ਨੇ ਜਮਾਂਖੋਰੀ ਕਰਕੇ ਮਾਰਕੀਟ ਵਿੱਚ ਕਾਲਾਬਾਜਾਰੀ ਸ਼ੁਰੂ ਕਰ ਦਿੱਤੀ ਹੈ। ਬਲੈਕਮਾਰਕੀਟਿੰਗ ਕਰਨ ਵਾਲਿਆਂ ਬਾਜ਼ਾਰ ਵਿੱਚ ਜਰੂਰੀ ਵਸਤੂਆਂ ਦੀ ਨਕਲੀ ਥੁੜ੍ਹ ਪੈਦਾ ਕਰਕੇ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਣ ਲਈ ਦੋਵੇਂ ਹੱਥੀਂ ਲੁੱਟ-ਖਸੁੱਟ ਕਰ ਰਹੇ ਹਨ।
ਲੋਕਾਂ ਦੇ ਇਸ ਤਰ੍ਹਾਂ ਹੋ ਰਹੇ ਸੋਸ਼ਣ ਨੂੰ ਰੋਕਣ ਲਈ ਹੁਣ ਵਿਜੀਲੈਂਸ ਬਿਊਰੋ ਨੂੰ ਤੇਜ਼ੀ ਨਾਲ ਹਰਕਤ ਵਿੱਚ ਆਉਣ ਦੀ ਜਰੂਰਤ ਹੈ। ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਜੀਲੈਂਸ ਦੇ ਅਧਿਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀਆਂ ਨਾਲ ਤਾਲਮੇਲ ਪੈਦਾ ਕਰਕੇ ਪ੍ਰਭਾਵੀ ਕਾਰਵਾਈ ਸ਼ਨੀਵਾਰ ਸਵੇਰ ਤੋਂ ਹੀ ਸ਼ੁਰੂ ਕਰ ਦੇਣ।
ਜਵਾਬਦੇਹੀ ਲਈ ਦਿਨ 'ਚ 2 ਵਾਰ ਆਲ੍ਹਾ ਅਫਸਰਾਂ ਨੂੰ ਦੇਣੀ ਹੋਊ ਰਿਪੋਰਟ....
ਵਿਭਾਗ 'ਚ ਜਵਾਬਦੇਹੀ ਤੇ ਪਾਰਦਰਸ਼ਤਾ ਲਿਆਉਣ ਦੀ ਮੰਸ਼ਾ ਨਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿਲ੍ਹਾ ਪੱਧਰ ਦੇ ਸਾਰੇ ਅਧਿਕਾਰੀ ਸਵੇਰੇ ਦਸ ਤੋਂ 11 ਅਤੇ ਸ਼ਾਮ ਨੂੰ 5 ਤੋਂ 6 ਵਜੇ ਤੱਕ ਕਾਰਵਾਈ ਦੀ ਪ੍ਰਗਤੀ ਰਿਪੋਰਟ ਵੀ ਪ੍ਰਦੇਸ਼ ਦੇ ਆਲਾ ਅਧਿਕਾਰੀਆਂ ਨੂੰ ਭੇਜਣਾ ਯਕੀਨੀ ਬਣਾਉਣ। ਇਸ ਸਬੰਧੀ ਜਿਲ੍ਹਾ ਬਰਨਾਲਾ ਦੇ ਡੀਐਸਪੀ ਵਿਜੀਲੈਂਸ ਬਿਊਰੋ ਮਨਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ ਦਵਾਈਆਂ ਅਤੇ ਹੋਰ ਖਾਣ-ਪੀਣ ਦੀਆਂ ਜਰੂਰੀ ਵਸਤੂਆਂ ਦੀ ਕਾਲਾਬਾਜ਼ਾਰੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ, ਸਵੇਰ ਤੋਂ ਹੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਬਹੁਤ ਹੀ ਤੇਜ਼ੀ ਨਾਲ ਕੰਮ ਸ਼ੁਰੂ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਬਾਜ਼ਾਰ ਬੰਦ ਹਨ, ਪਰੰਤੂ ਵਿਭਾਗ ਦੀਆਂ ਟੀਮਾਂ ਖਰੀਦਦਾਰੀ ਕਰਕੇ ਲਿਆ ਰਹੇ ਖਪਤਕਾਰਾਂ ਤੋਂ ਚੀਜ਼ਾਂ ਦੇ ਖਰੀਦ ਮੁੱਲ ਤੇ ਦੁਕਾਨਦਾਰਾਂ ਬਾਰੇ ਜਾਣਕਾਰੀ ਲੈ ਕੇ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਦਵਾਈਆਂ, ਦਵਾਈ ਦੇ ਅਸਲੀ ਮੁੱਲ ਜਾਂ ਪ੍ਰਿੰਟ ਰੇਟ ਤੋਂ ਜਿਆਦਾ ਨਹੀਂ ਵਿਕਣ ਦਿੱਤੀਆਂ ਜਾਣਗੀਆਂ। ਜਮਾਂਖੋਰੀ ਰੋਕਣ ਲਈ ਦੁਕਾਨਦਾਰਾਂ ਦਾ ਸਟਾਕ ਵੀ ਚੈਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਫੀਆ ਸੂਚਨਾ ਮਿਲੀਆਂ ਹਨ ਕਿ ਕੁਝ ਕੈਮਿਸਟਾਂ ਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੇ ਇਨਸਾਨੀਅਤ ਦੀ ਭਾਵਨਾ ਤਿਆਗ ਕੇ ਲਾਲਚੀ ਪ੍ਰਵਿਰਤੀ ਕਾਰਣ ਚੀਜ਼ਾਂ ਦੀ ਨਕਲੀ ਥੁੜ੍ਹ ਪੈਦਾ ਕਰਕੇ ਲੋਕਾਂ ਦਾ ਸੋਸ਼ਣ ਸ਼ੁਰੂ ਕੀਤਾ ਹੋਇਆ ਹੈ। ਅਜਿਹੇ ਦੁਕਾਨਦਾਰਾਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਹੋਮਵਰਕ ਪੂਰਾ ਹੈ, ਹੁਣ ਕਾਨੂੰਨੀ ਸ਼ਿਕੰਜਾ ਕੱਸਣ ਲਈ ਵੱਖ ਵੱਖ ਟੀਮਾਂ ਨੇ ਕਮਰ ਕਸ ਲਈ ਹੈ। ਜਲਦ ਹੀ ਲੋਕਾਂ ਨੂੰ ਕਾਲਾਬਾਜ਼ਾਰੀ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ ਕੀਤੀ ਜਾਵੇਗੀ।