ਅਸ਼ੋਕ ਵਰਮਾ
- ਇਲਾਕੇ ਦੇ ਕੌਂਸਲਰਾਂ ਕੋਲ ਮਹਿਲਾਵਾਂ ਨੇ ਦੁੱਖ ਰੋਇਆ।
ਬਠਿੰਡਾ, 28 ਮਾਰਚ 2020 - ਬਠਿੰਡਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਬਠਿੰਡਾ ਸ਼ਹਿਰ ’ਚ ਦਰਜਨਾਂ ਦੀ ਗਿਣਤੀ ’ਚ ਗਰੀਬ ਪ੍ਰੀਵਾਰਾਂ ਕੋਲ ਅਜੇ ਤੱਕ ਪ੍ਰਸ਼ਾਸ਼ਨ ਦੀ ਸਹਾਇਤਾ ਨਹੀਂ ਪੁੱਜ ਸਕੀ ਹੈ। ਇਹ ਪ੍ਰੀਵਾਰ ਭੁੱਖਮਰੀ ਦੀ ਕਗਾਰ ਤੇ ਹਨ ਪਰ ਇਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਬਠਿੰਡਾ ਪ੍ਰਸ਼ਾਸਨ ਵੱਲੋਂ ਲੋਕ ਸੰਪਰਕ ਵਿਭਾਗ ਰਾਹੀਂ ਜਾਰੀ ਕਰਵਾਏ ਜਾ ਰਹੇ ਧੜਾ ਧੜ ਪ੍ਰੈਸ ਨੋਟ ਵੀ ਇੰਨਾਂ ਲੋਕਾਂ ਲਈ ਢਾਰਸ ਨਹੀਂ ਬਣ ਸਕੇ ਹਨ।
ਪ੍ਰਸ਼ਾਸਨ ਆਖਦਾ ਹੈ ਕਿ ਉਸ ਨੇ ਲੋਕਾਂ ਦੀ ਸਹਾਇਤਾ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਫਿਰ ਵੀ ਇਨ੍ਹਾਂ ਦੇ ਢਿੱਡ ਖਾਲੀ ਕਿਓਂ ਹਨ ਅਫਸਰਾਂ ਕੋਲ ਕੋਈ ਜਵਾਬ ਨਹੀਂ ਹੈ। ਸਿਰਫ ਵੇਰਕਾ ਹੀ ਹਾਲ ਦੀ ਘੜੀ ਤੱਕ ਦੁੱਧ ਸਪਲਾਈ ਕਰਨ ’ਚ ਕਾਫੀ ਹੱਦ ਤੱਕ ਸਫਲ ਜਿਹਾ ਹੈ। ਇਨ੍ਹਾਂ ਦਹਾੜੀਦਾਰ ਗਰੀਬ ਪਰਿਵਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਸਰਕਾਰ ਵੱਲੋਂ ਅਜੇ ਕੋਈ ਵਿੱਤੀ ਮਦਦ ਨਹੀਂ ਆਈ। ਖੀਸੇ ਖਾਲੀ ਹੋਣ ਕਾਰਣ ਮੁੱਲ ਉਹ ਕੁਝ ਖ਼ਰੀਦਣ ਦੇ ਸਮਰੱਥ ਨਹੀਂ ਜਿਸ ਕਰਕੇ ਉਨਾਂ ਸਰਕਾਰ ਨੂੰ ਮਦਦ ਦੀ ਬੇਨਤੀ ਕੀਤੀ ਹੈ।
ਲਾਈਨੋਪਾਰ ਇਲਾਕੇ ਦੇ ਕੁੱਝ ਲੋਕਾਂ ਨੇ ਸਾਬਕਾ ਅਕਾਲੀ ਕੌਂਸਲਰ ਹਰਵਿੰਦਰ ਸ਼ਰਮਾ ਕੋਲ ਆਪਣਾ ਦੁੱਖ ਰੋਇਆ ਹੈ। ਅੱਜ ਕੁੱਝ ਮਹਿਲਾਵਾਂ ਨੇ ਸ਼ਰਮਾ ਨੂੰ ਮਿਲ ਕੇ ਆਪਣਾ ਦੁੱਖ ਦੱਸਿਆ ਕਿ ਕਿਸ ਤਰਾਂ ਉਹ ਫਾਕੇ ਕੱਟਣ ਲਈ ਮਜਬੂਰ ਹਨ। ਮਹਿਲਾ ਮੋਨਾਂ ਨੇ ਧਾਹਾਂ ਮਾਰਦਿਆਂ ਦੱਸਿਆ ਕਿ ਉਸ ਦੇ ਘਰ ’ਚ ਕੁੱਝ ਵੀ ਨਹੀਂ ਹੈ। ਲੜਕਾ ਦਿਹਾੜੀ ਕਰਦਾ ਹੈ ਜੋਕਿ ਕਰਫਿਊ ਕਾਰਨ ਘਰ ਬੈਠਾ ਹੋਇਆ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਉਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਹ ਮਹਿਲਾ ਕਿਰਾਏ ਤੇ ਰਹਿੰਦੀ ਹੈ ਅਤੇ ਕਿਰਾਇਆ ਵੀ ਦੇਣਾ ਬਾਕੀ ਹੈ।ਇੱਥ ਹੋਰ ਮਹਿਲਾ ਨੇ ਕਿਹਾ ਕਿ ਉਹ ਰੋਜ ਕਮਾ ਕੇ ਖਾਣ ਵਾਲੇ ਹਨ ਅਤੇ ਪੁਲਿਸ ਘਰੋਂ ਬਾਹਰ ਨਹੀਂ ਨਿਕਲਣ ਦੇ ਰਹੀ ਹੈ। ਦੂਸਰੀ ਮਹਿਲਾ ਦਾ ਪਤੀ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਹੈ। ਉਸ ਨੇ ਆਖਿਆ ਕਿ ਘਰ ਦਾ ਰਾਸ਼ਨ ਖਤਮ ਹੈ। ਮਹਿਲਾ ਨੇ ਿਿਕਹਾ ਕਿ ਉਸ ਦਾ ਬੱਚਾ ਇੱਕ ਸਾਲ ਦਾ ਹੈ ਬੰਦ ਕਾਰਨ ਘਰ ’ਚ ਕੁੱਝ ਨਹੀਂ ਬਚਿਆ ਹੈ। ਇਸ ਤਰਾਂ ਦੇ ਵਿਚਾਰ ਹੋਰ ਵੀ ਕਈ ਪ੍ਰੀਵਾਰਾਂ ਨੇ ਪੇਸ਼ ਕਰਦਿਆਂ ਘਰਾਂ ’ਚ ਖਾਲੀ ਖੜਕ ਰਹੇ ਭਾਂਡਿਆਂ ਬਾਰੇ ਬਿਆਨ ਕੀਤਾ।
ਗਰੀਬੀ ਦੇ ਭੰਨੇ ਲੋਕਾਂ ਨੂੰ ਢਿੱਡ ਦਾ ਝੋਰਾ
ਹਰਵਿੰਦਰ ਸ਼ਰਮਾ ਨੇ ਦੱਸਿਆ ਕਿ ਉੜੀਆ ਬਸਤੀ ਅਤੇ ਆਲਮ ਬਸਤੀ ’ਚ ਗਰੀਬ ਅਤੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਵੱਸਦੇ ਪਰਿਵਾਰ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਹਾਲੇ ਤੱਕ ਗਰੀਬ ਬਸਤੀਆਂ ਦੀ ਤੱਕ ਨਹੀਂ ਪਹੁੰਚਿਆ ਹੈ। ਉਨਾਂ ਦੱਸਿਆ ਕਿ ਗੁਰਬਤ ਦੇ ਭੰਨੇ ਲੋਕਾਂ ਨੂੰ ਹੁਣ ਕਰੋਨਾ ਵਾਇਰਸ ਦਾ ਖਤਰਾ ਨਹੀਂ ਜਾਪ ਰਿਹਾ ਹੈ ਜਿੰਨਾਂ ਆਪਣੇ ਪ੍ਰੀਵਾਰ ਦਾ ਢਿੱਡ ਭਰਨ ਦਾ ਫਿਕਰ ਵੀ ਵੱਢ-ਵੱਢ ਖਾਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਕਾਫੀ ਮਹਿਲਾਵਾਂ ਉਨਾਂ ਕੋਲ ਆਈਆਂ ਸਨ ਜਿੰਨਾਂ ਨੇ ਆਪਣਾ ਦੁੱਖ ਬਿਆਨ ਕੀਤਾ ਹੈ। ਉਨਾਂ ਦੱਸਿਆ ਕਿ ਜੇਕਰ ਅਫਸਰ ਸੁਹਿਰਦ ਹੋਣ ਜਾਣ ਤਾਂ ਇੰਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਪ੍ਰਸ਼ਾਸਨ ਤਰਫੋਂ ਜਾਰੀ ਪ੍ਰੈਸ ਨੋਟ ਦੇ ਅੰਸ਼
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲੇ ਭਰ ’ਚ ਲਗਾਏ ਗਏ ਕਰਫ਼ਿਊ ਦੌਰਾਨ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਤੋਂ ਮੁਕਤ ਕਰਾਉਣ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਵਾਸ਼ਿਦਿੰਆਂ ਨੂੰ ਘਰ ’ਚ ਵਰਤੀਆਂ ਜਾਣ ਵਾਲੀਆਂ ਹਰ ਇੱਕ ਲੋੜੀਂਦੀ ਵਸਤਾਂ ਤੇ ਦਵਾਈਆਂ ਉਨਾਂ ਦੇ ਦਰ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ਲਈ ਹਰਾ-ਚਾਰਾ ਤੇ ਢੋਆ-ਢੁਆਈ ਦੇ ਸਮਾਨ ’ਤੇ ਵੀ ਕੋਈ ਰੋਕ ਨਹੀਂ ਹੈ।
ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਲੱਮ ਏਰੀਆ ਦੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਖਿੱਤੇ ਅਧੀਨ ਰਹਿੰਦੇ 5 ਹਜ਼ਾਰ ਲੋਕਾਂ ਦੀ ਸ਼ਨਾਖਤ ਕਰ ਲਈ ਗਈ ਹੈ। ਜਲਦ ਹੀ ਉਨਾਂ ਨੂੰ ਇੱਕ ਹਫ਼ਤੇ-ਹਫ਼ਤੇ ਦੇ ਫੂਡ ਪੈਕਟ ਮੁਹੱਈਆ ਕਰਵਾਏ ਜਾਣਗੇ।