45 ਟਨ ਸਬਜ਼ੀਆਂ ਵੀ ਘਰ-ਘਰ ਪਹੁੰਚਾਈਆਂ ਗਈਆਂ
ਐਸ ਏ ਐਸ ਨਗਰ, 28 ਮਾਰਚ 2020: ਲੋਕਾਂ ਨੂੰ ਦੁੱਧ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੇਰਕਾ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਮੁਹਾਲੀ ਸ਼ਹਿਰ ਵਿੱਚ ਲੋਕਾਂ ਨੂੰ 73840 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ।
ਦਰਅਸਲ, ਕਰਫਿਊ ਲਗਾਏ ਜਾਣ ਤੋਂ ਬਾਅਦ ਰੋਜ਼ਾਨਾ 70,000 ਲੀਟਰ ਤੋਂ ਵੱਧ ਦੁੱਧ ਵੰਡਿਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦੁੱਧ ਦੇ ਨਾਲ ਨਾਲ ਲੋਕਾਂ ਨੂੰ ਸ਼ਨੀਵਾਰ ਨੂੰ 890 ਕਿਲੋਗ੍ਰਾਮ ਪਨੀਰ, 5896 ਲੀਟਰ ਲੱਸੀ ਅਤੇ 6815 ਕਿਲੋਗ੍ਰਾਮ ਦਹੀਂ ਵੀ ਸਪਲਾਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇ ਦੋਧੀ ਵੀ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ 45 ਟਨ ਸਬਜ਼ੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸੂਚੀਬੱਧ ਨਜ਼ਦੀਕੀ ਕਰਿਆਨਾ ਸਟੋਰ ਅਤੇ ਵੱਡੇ ਰਿਟੇਲ ਸਟੋਰ ਜਿਵੇਂ ਰਿਲਾਇੰਸ, ਈਜ਼ੀ ਡੇਅ ਅਤੇ ਈ-ਕਾਮਰਸ ਕੰਪਨੀਆਂ ਜਿਵੇਂ ਭੇਜੋ, ਗ੍ਰੋਫਰਸ ਆਦਿ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਤੋਂ ਆਨਲਾਈਨ ਆਰਡਰ ਲੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ 'ਸਵਿਗੀ' ਕੰਪਨੀ ਨਾਲ ਵੀ ਸੰਪਰਕ ਕੀਤਾ ਹੈ ਜੋ ਸੋਮਵਾਰ ਤੋਂ ਲੋਕਾਂ ਨੂੰ ਕਰਿਆਨਾ ਸਟੋਰਾਂ ਤੋਂ ਜਰੂਰੀ ਵਸਤਾਂ ਦੀ ਘਰ-ਘਰ ਸਪਲਾਈ ਕਰਨ ਵਿਚ ਸਹਾਇਤਾ ਕਰੇਗੀ।