ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 28 ਮਾਰਚ 2020 - ਕੋਰੋਨਾ ਦੇ ਸਹਿਮ ਅਤੇ ਢਿੱਡ ਭਰਨ ਦੇ ਫਿਕਰਾਂ ਨੇ ਖੇਤ ਮਜਦੂਰਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਬਾਦਲਾਂ ਦੇ ਹਲਕੇ ਲੰਬੀ ਨਾਲ ਸਬੰਧਤ ਕਈ ਪ੍ਰੀਵਾਰਾਂ ਦੀ ਇਹੋ ਹੋਣੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੜੀ ਚੋਣ ਇੰਨ੍ਹਾਂ ਖੇਤ ਮਜਦੂਰ ਪੀਵਾਰਾਂ ਲਈ ਕੋਈ ਸਹਾਰਾ ਨਹੀਂ ਬਣ ਸਕੀ ਹੈ। ਸਰਕਾਰਾਂ ਆਈਆਂ ਅਤੇ ਆਪਣਾ ਕਾਰਜਕਾਲ ਹੰਢਾਉਂਦੀਆਂ ਰਹੀਆਂ ਪਰ ਇੰਨ੍ਹਾਂ ਨੂੰ ਰਾਹਤ ਨਹੀਂ ਮਿਲ ਸਕੀ ਹੈ।
ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੀ 60 ਸਾਲਾ ਖੇਤ ਮਜ਼ਦੂਰ ਔਰਤ ਜੰਗੀਰ ਕੌਰ ਜੋ ਨੌਜਵਾਨ ਪੁੱਤਰ ਗੁਰਤੇਜ ਸਿੰਘ ਤੇ ਨੂੰਹ ਸੁਖਦੀਪ ਕੌਰ ਦੀ ਭਰ ਜਵਾਨੀ ’ਚ ਹੋਈ ਮੌਤ ਦਾ ਸੰਤਾਪ ਹੰਢਾਉਦੀ ਹੋਈ ਬੁੱਢੇ ਵਾਰੇ ਵੀ ਦਿਹਾੜੀ ਕਰਕੇ ਦੋ ਪੋਤੀਆਂ ਤੇ ਇੱਕ ਪੋਤੇ ਦਾ ਪਾਲਣ ਪੋਸ਼ਣ ਕਰ ਰਹੀ ਹੈ ਨੂੰ ਕਰੋਨਾ ਕਾਰਨ ਘਰ ਬੰਦੀ ਨੇ ਫਾਕੇ ਕੱਟਣ ਦੀ ਹਾਲਤ ’ਚ ਸੁੱਟ ਦਿੱਤਾ ਹੈ। ਉਸਦੇ ਘਰ ਡਿੱਪੂ ਤੋਂ ਮਿਲੀ ਕਣਕ ਤਾਂ ਪਈ ਹੈ ਪਰ ਬਾਕੀ ਜ਼ਰੂਰੀ ਸਮਾਨ ਦੇ ਬਾਝੋਂ ਉਸਦੇ ਡੱਬੇ ਖਾਲੀ ਹਨ। ਇਹੀ ਹਾਲ ਉਸਦੇ ਗੁਆਂਢੀ ਬੱਗਾ ਸਿੰਘ ਦੇ ਪਰਿਵਾਰ ਦਾ ਹੈ। ਬੱਗਾ ਸਿੰਘ ਬੇਹੱਦ ਕਮਾੳੂ ਸੀ ਪਰ 4 ਕੁ ਵਰੇ ਪਹਿਲਾਂ ਉਸਨੂੰ ਹੋਏ ਅਧਰੰਗ ਦੇ ਹਮਲੇ ਨੇ ਅਪਾਹਜ ਬਣਾ ਦਿੱਤਾ ਹੈ। ਉਸਦੀ ਪਤਨੀ ਜਸਵਿੰਦਰ ਕੌਰ ਜੋ ਬੱਗਾ ਸਿੰਘ ਦੀ ਸੰਭਾਲ ਵੀ ਕਰਦੀ ਹੈ ਤੇ ਮਜ਼ਦੂਰੀ ਕਰਕੇ ਘਰ ਦਾ ਤੋਰਾ ਵੀ ਤੋਰਦੀ ਹੈ ਹੁਣ ਘਰੇ ਬੈਠੀ ਹੋਣ ਕਰਕੇ ਉਨਾਂ ਦੇ ਘਰ ਇੱਕ ਡੰਗ ਦੀ ਚਾਹ ਖੰਡ ਹੀ ਬਚੀ ਹੈ ਜਿਸ ਦੇ ਖਬਰ ਲਿਖੇ ਜਾਣ ਤੱਕ ਮੁੱਕਣ ਦੇ ਅਨੁਮਾਨ ਹਨ।
ਇਸੇ ਪਿੰਡ ਦੇ 60 ਸਾਲਾ ਰਿਕਸ਼ਾ ਚਾਲਕ ਓਮ ਪ੍ਰਕਾਸ਼ ਦਾ ਕੁੱਝ ਮਹੀਨੇ ਪਹਿਲਾ ਐਕਸੀਡੈਂਟ ਹੋਣ ਕਾਰਨ ਉਹ ਮੰਜੇ ’ਤੇ ਪਿਆ ਹੈ ਉਸਦੀ ਲੜਕੀ ਗੰਗਾ ਦੇਵੀ ਪਤੀ ਦੇ ਕਲੇਸ਼ ਕਾਰਨ ਦੋ ਬੱਚਿਆਂ ਸਮੇਤ ਪੇਕੇ ਘਰ ਬੈਠੀ ਹੈ। ਓਮ ਪ੍ਰਕਾਸ਼ ਦੀ ਪਤਨੀ ਸ਼ੀਲਾ ਦੇਵੀ ਤੇ ਲੜਕੀ ਗੰਗਾ ਦੇਵੀ ਹੀ ਦਿਹਾੜੀ ਮਜ਼ਦੂਰੀ ਕਰਕੇ ਡੰਗ ਟਪਾ ਰਹੀਆਂ ਸਨ ਹੁਣ ਘਰ ’ਚ ਬੰਦ ਹੋਣ ਕਾਰਨ ਉਹਨਾਂ ਨੂੰ ਕਰੋਨਾ ਦੇ ਨਾਲੋਂ ਭੁੱਖ ਦਾ ਡਰ ਜ਼ਿਆਦਾ ਸਤਾ ਰਿਹਾ ਹੈ। ਵੱਡੀ ਸਮੱਸਿਆ ਹੈ ਕਿ ਇੰਨਾਂ ਨੂੰ ਸਰਕਾਰ ਦੇ ਵਤੀਰੇ ਕਾਰਨ ਹਾਲ ਦੀ ਘੜੀ ਕੋਈ ਆਸ ਦੀ ਕਿਰਨ ਵੀ ਨਜ਼ਰ ਨਹੀਂ ਆ ਰਹੀ ਹੈ। ਇੰਨਾਂ ਪ੍ਰ੍ਰ੍ਰੀਵਾਰਾਂ ਦਾ ਕਹਿਣਾ ਹੈ ਕਿ ਸਿਤਮ ਜਰੀਫੀ ਤਾਂ ਇਹ ਹੈ ਕਿ ਉਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਅਧਿਕਾਰੀ ਰਾਸ਼ਨ ਲੈ ਕੇ ਨਹੀਂ ਬਹੁੜਿਆਂ ਹਾਂ ਪਿੰਡ ਦੀਆਂ ਗਲੀਆਂ ’ਚ ਪੁਲਿਸ ਜ਼ਰੂਰ ਤਾਇਨਾਤ ਕਰ ਦਿੱਤੀ ਜੋ ਉਨਾਂ ਨੂੰ ਘਰੋਂ ਬਾਹਰ ਨਿਕਲਣ ’ਤੇ ਡਾਂਗ ਦਿਖਾਕੇ ਅੰਦਰਾਂ ’ਚ ਡੱਕਣ ਤੱਕ ਹੀ ਆਪਣਾ ਫ਼ਰਜ ਨਿਭਾ ਰਹੀ ਹੈ।
ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਸਬੰਧਤ ਖੇਤ ਮਜਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਆਗੂ ਆਖਦੇ ਹਨ ਕਿ ਇਹ ਕਹਾਣੀ ਜੰਗੀਰ ਕੌਰ, ਬੱਗਾ ਸਿੰਘ ਤੇ ਓਮ ਪ੍ਰਕਾਸ਼ ਦੀ ਹੀ ਨਹੀਂ ਸਗੋਂ ਲੱਖਾਂ ਮਜ਼ਦੂਰ ਪਰਿਵਾਰ ਅੱਜ ਬੇਹੱਦ ਔਖੀ ਹਾਲਤ ’ਚੋਂ ਲੰਘ ਰਹੇ ਹਨ। ਉਨਾਂ ਆਖਿਆ ਕਿ ਇੰਨਾਂ ਪ੍ਰੀਵਾਰਾਂ ਦਾ ਇਹ ਵੀ ਗਿਲਾ ਹੈ ਕਿ ਵੋਟਾਂ ਵੇਲੇ ਉਹਨਾਂ ਦੀਆਂ ਦੇਹਲੀਆਂ ਨੀਵੀਆਂ ਕਰਨ ਵਾਲੇ ਸਭ ਸਿਆਸੀ ਲੀਡਰ ਹੁਣ ਕਿਤੇ ਦਿਖਾਈ ਨਹੀਂ ਦਿੰਦੇ। ਉਨਾਂ ਦੱਸਿਆ ਕਿ ਹੁਣ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅਜਿਹੇ ਪਰਿਵਾਰਾਂ ਨੂੰ ਭੁੱਖ ਮਰੀ ਤੋਂ ਬਚਾਉਣ ਲਈ ਪਿੰਡ ਵਾਸੀਆਂ ਨੂੰ ਸਹਿਯੋਗ ਕਰਨ ਲਈ ਪ੍ਰੇਰਕੇ ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਹੱਥ ਲੈ ਲਈ ਹੈ ਜਿਸ ਨਾਲ ਰਾਹਤ ਮਿਲੇਗੀ। ਖੇਤ ਮਜ਼ਦੂਰ ਆਗੂ ਕਾਲਾ ਸਿੰਘ ਤੇ ਕਿਸਾਨ ਆਗੂ ਗੁਰਪਾਸ਼ ਸਿੰਘ ਨੇ ਦੱਸਿਆ ਕਿ ਸਭਭ ਸਾਵਧਾਨੀਆਂ ਵਰਤ ਕੇ ਦੋ ਟੀਮਾਂ ਲੋਕਾਂ ਨੂੰ ਰਾਸ਼ਨ ਇਕੱਠਾ ਕਰਨ ਲਈ ਪ੍ਰੇਰਣ ਦੇ ਨਾਲ-ਨਾਲ ਇਸ ਬਿਮਾਰੀ ਤੋਂ ਬਚਾਓ ਲਈ ਸਮਾਜਿਕ ਦੂਰੀ ਬਣਾਕੇ ਰੱਖਣ ਅਤੇ ਹੱਥਾਂ ਦੀ ਸਫ਼ਾਈ ਵੱਲ ਧਿਆਨ ਦੇਣ ਲਈ ਜਾਗਰੂਕ ਵੀ ਕਰ ਰਹੀਆਂ ਹਨ। ਖੇਤ ਮਜਦੂਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਾਂ ’ਤੇ ਡੰਡਾ ਵਰਾਉਣਾ ਬੰਦ ਕਰਕੇ ਲੋਕਾਂ ਨੂੰ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਲੋੜਾਂ ਪੁਚਾਉਣਾ ਯਕੀਨੀ ਬਣਾਏ।
ਖੇਤ ਮਜ਼ਦੂਰਾਂ ਦੀਆਂ ਲੋੜਾਂ ਵੱਡਾ ਮਸਲਾ:ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਪ੍ਰਤੀਕਰਮ ਸੀ ਕਿ ਕਰੋਨਾ ਦੀ ਆਫਤ ਵਾਂਗ ਮਜ਼ਦੂਰਾਂ ਦੀਆਂ ਲੋੜਾਂ ਦਾ ਮਸਲਾ ਵੀ ਬੇਹੱਦ ਵੱਡਾ ਹੈ। ਉਨਾਂ ਕਿਹਾ ਕਿ ਇਸ ਸੰਕਟ ਦੇ ਹੱਲ ਲਈ ਸਰਕਾਰ ਨੂੰ ਵੱਡੇ ਬਜਟ ਜਾਰੀ ਕਰਕੇ ਲੋਕਾਂ ਦੀ ਖਾਧ ਖੁਰਾਕ ਤੋਂ ਇਲਾਵਾ ਪੀੜਤਾਂ ਦੀ ਭਾਲ ਤੇ ਇਲਾਜ ਵੱਲ ਤਵੱਜੋ ਦੇਣ ਲਈ ਡਾਕਟਰ, ਨਰਸਾਂ ਤੇ ਹੋਰ ਸਟਾਫ਼ ਦੀ ਭਰਤੀ ਕਰਨ, ਵੈਟੀਲੇਟਰਾਂ ਤੇ ਬੈਡਾਂ ਆਦਿ ਪ੍ਰਬੰਧ ਕਰਨਾ ਚਾਹੀਦਾ ਹੈ। ਖੇਤ ਮਜਦੂਰ ਆਗੂ ਨੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਰੱਦ ਕਰਕੇ ਕੌਮੀਕਰਨ ਕਰਨ ਅਤੇ ਪਿੰਡ ਪੱਧਰ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।