ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2020 - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ 11 ਸਾਲ ਤੋਂ ‘ਕੁੱਖ ਬਚਾਓ ਅਤੇ ਰੁੱਖ ਬਚਾਓ‘ ਦੇ ਉਦੇਸ਼ ਹੇਠ ਚਲਾਈ ਜਾ ਰਹੀ ਨੰਨੀ ਛਾਂ ਦੇ ਯਤਨਾਂ ਨਾਲ ਆਤਮ-ਨਿਰਭਰ ਬਣੀਆਂ ਔਰਤਾਂ ਨੇ ਹੁਣ ਇਸ ਔਖ ਦੀ ਘੜੀ ਵਿਚ ਕੱਪੜਿਆਂ ਦੇ ਮਾਸਕ ਬਣਾ ਕੇ ਸਮਾਜ ਦਾ ਮੁੱਲ ਵਾਪਸ ਮੋੜ ਰਹੀਆਂ ਹਨ। ਕਰੀਬ 10 ਹਜ਼ਾਰ ਔਰਤਾਂ ਇਸ ਸੰਸਥਾਂ ਕੋਲੋਂ ਸਿਲਾਈ ਅਤੇ ਕਢਾਈ ਦੀ ਸਿਖਲਾਈ ਲੈ ਚੁੱਕੀਆਂ ਹਨ ਜਿੰਨ੍ਹਾਂ ਨੂੰ ਆਪਣੇ ਪੈਰਾਂ ਉੱਤੇ ਖੜਾ ਕਰਨ ਲਈ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੰਨੀ ਛਾਂ ਦੀ ਪ੍ਰਾਜੈਕਟ ਕੋਆਰਡੀਨੇਟਰ ਰਜਨੀ ਸਚਦੇਵਾ ਨੇ ਦੱਸਿਆ ਕਿ ਹੁਣ ਜਦੋਂ ਪੂਰਾ ਦੇਸ਼ ਕਰੋਨਾਵਾਇਰਸ ਦੀ ਲਪੇਟ ਵਿਚ ਆਇਆ ਹੋਇਆ ਹੈ ਤਾਂ ਅਸੀਂ ਮੁਫਤ ਮਾਸਕ ਵੰਡਣ ਲਈ ਸਾਡੀ ਸੰਸਥਾ ਦੇ ਮੈਂਬਰਾਂ ਅਤੇ ਸਵੈ-ਸੇਵੀ ਗਰੁੱਪਾਂ ਤਕ ਪਹੁੰਚ ਕੀਤੀ ਹੈ। ਬਠਿੰਡਾ, ਮਾਨਸਾ, ਮੁਕਤਸਰ ਅਤੇ ਜਲਾਲਾਬਾਦ ਤੋਂ ਮੈਂਬਰਾਂ ਨੇ ਸਰਪ੍ਰਸਤ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਅਪੀਲ ਨੂੰ ਬਹੁਤ ਹੀ ਸ਼ਾਨਦਾਰ ਹੁੰਗਾਰਾ ਦਿੱਤਾ ਹੈ ਅਤੇ ਆਪੋ ਆਪਣੇ ਇਲਾਕਿਆਂ ਵਿਚ ਮਾਸਕ ਵੰਡਣੇ ਸ਼ੁਰੂ ਕਰ ਦਿੱਤੇ ਹਨ। ਉਨਾਂ ਦੱਸਿਆ ਕਿ ਉਮੀਦ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਲੋਕਾਂ ਵਿਚ ਕਈ ਹਜ਼ਾਰ ਮਾਸਕ ਵੰਡ ਦਿੱਤੇ ਜਾਣਗੇ।
ਨੰਨੀ ਛਾਂ ਕੁਆਡੀਨੇਟਰ ਨੇ ਅੱਗੇ ਦੱਸਿਆ ਕਿ ਇਸ ਨੇਕ ਕਾਰਜ ਲਈ ਸਾਰੀਆਂ ਔਰਤਾਂ ਨੇ ਮੁਫਤ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਬਹੁਤੀਆਂ ਔਰਤਾਂ ਵੱਲੋਂ ਸਿਲਾਈ ਦੌਰਾਨ ਬਚੇ ਕੱਪੜੇ ਦੇ ਟੁਕੜਿਆਂ ਦੇ ਮਾਸਕ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਵੀ ਲੋੜ ਹੁੰਦੀ ਹੈ ਤਾਂ ਨੰਨੀ ਛਾਂ ਇਹਨਾਂ ਔਰਤਾਂ ਨੂੰ ਮੁਫਤ ਕੱਪੜਾ ਪ੍ਰਦਾਨ ਕਰਵਾ ਰਹੀ ਹੈ। ਇਹ ਔਰਤਾਂ ਵਿਚ ਪਿੰਡਾਂ ਅਤੇ ਵਾਰਡਾਂ ਵਿਚ ਜਾ ਕੇ ਖੁਦ ਹੀ ਲੋਕਾਂ ਨੂੰ ਮਾਸਕ ਵੰਡ ਰਹੀਆਂ ਹਨ। ਬ ਰਜਨੀ ਸਚਦੇਵਾ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਸਥਾਪਤ ਕੀਤੇ ਵੱਖ ਵੱਖ ਸਿਲਾਈ ਕੇਂਦਰਾਂ ਦੇ ਵਿਦਿਆਰਥੀ ਅਤੇ ਇੰਸਟ੍ਰਕਟਰ ਵੀ ਇਸ ਕੰਮ ਵਿਚ ਉਹਨਾਂ ਦੀ ਮੱਦਦ ਕਰ ਰਹੇ ਹਨ।
ਨੰਨੀ ਛਾਂ ਦੀ ਸਰਪਰਸਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਮਹਿਸੂਸ ਕਰਦਿਆਂ ਕਿ ਪਿੰਡਾਂ ਅਤੇ ਬਸਤੀਆਂ ਵਿਚ ਲੋਕਾਂ ਨੂੰ ਮਾਸਕਾਂ ਦੀ ਲੋੜ ਹੈ, ਮੈਂ ਨੰਨੀ ਛਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਪਣੀਆਂ ਸਿਲਾਈ ਦੀਆਂ ਦੁਕਾਨਾਂ ਚਲਾ ਰਹੀਆਂ ਔਰਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਵਿਡ-19 ਖ਼ਿਲਾਫ ਇਸ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਮੈਂਨੂੰ ਮੇਰੀ ਨੰਨੀ ਛਾਂ ਦੇ ਵਲੰਟੀਅਰਾਂ ਉੱਤੇ ਮਾਣ ਹੈ ਕਿ ਇਹਨਾਂ ਔਖੇ ਸਮਿਆਂ ਵਿਚ ਸਮਾਜ ਦੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।