ਹਰਿੰਦਰ ਨਿੱਕਾ
- ਨਰਾਇਣਗੜ, ਜੌਲੀਆਂ ਤੇ ਬੀਂਬੜ ਦੇ 235 ਗਰੀਬ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਵੰਡਿਆ ਮੁਫ਼ਤ ਰਾਸ਼ਨ
- ਭਵਾਨੀਗੜ ਦੇ ਪਿੰਡਾਂ ਤੇ ਸੰਗਰੂਰ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਕੀਤੀ ਰਾਸ਼ਨ ਸਮੱਗਰੀ ਦੀ ਵੰਡ
ਸੰਗਰੂਰ, 28 ਮਾਰਚ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਲਾਗੂ ਕੀਤੇ ਕਰਫਿਊ ਦੇ ਚਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਲਗਾਤਾਰ ਭਵਾਨੀਗੜ ਅਤੇ ਸੰਗਰੂਰ ਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਜਿਥੇ ਲੋੜਵੰਦਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ ਉਥੇ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਜ਼ਰੂਰਤ ਦਾ ਸਾਮਾਨ ਪਹੁੰਚਾਉਣ ਦੇ ਨਾਲ-ਨਾਲ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ।
ਸੰਗਰੂਰ ਸ਼ਹਿਰ ਅਤੇ ਭਵਾਨੀਗੜ ਦੇ ਪਿੰਡਾਂ ਨਰਾਇਣਗੜ, ਜੌਲੀਆਂ ਅਤੇ ਬੀਂਬੜ ਵਿਖੇ ਸੈਂਕੜੇ ਪਰਿਵਾਰਾਂ ਨੂੰ ਆਪਣੇ ਨਿੱਜੀ ਖਰਚੇ ਨਾਲ ਰਾਸ਼ਨ ਮੁਹੱਈਆ ਕਰਵਾਉਣ ਪੁੱਜੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਜਿਥੇ ਲਗਾਤਾਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉਥੇ ਹੀ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਨਾਲ ਨਾਗਰਿਕਾਂ ਨੂੰ ਆਪਣੀ ਸਿਹਤ ਪ੍ਰਤੀ ਚੌਕਸ ਰਹਿਣ ਅਤੇ ਹਰੇਕ ਅਹਿਤਿਆਤ ਵਰਤਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਿੰਗਲਾ ਨੇ ਦੱਸਿਆ ਕਿ ਅੱਜ ਸ਼ਹਿਰ ਸੰਗਰੂਰ ਵਿੱਚ ਉੱਪਲੀ ਰੋਡ, ਨਾਭਾ ਗੇਟ ਫਿਰਨੀ, ਸ਼ਕੀਲ ਕਾਲੋਨੀ ਅਤੇ ਉੱਭਾਵਾਲ ਰੋਡ ’ਤੇ ਲੋੜਵੰਦਾਂ ਨੂੰ ਸਾਮਾਨ ਵੰਡਿਆ ਗਿਆ। ਉਨਾਂ ਕਿਹਾ ਕਿ ਉਨਾਂ ਦੀਆਂ ਟੀਮਾਂ ਲਗਾਤਾਰ ਚੌਕਸੀ ਰੱਖ ਰਹੀਆਂ ਹਨ ਜਿਸ ਦੇ ਚਲਦਿਆਂ ਹਰ ਉਸ ਪਰਿਵਾਰ ਤੱਕ ਪਹੰੁਚ ਕਰਕੇ ਘਰਾਂ ਦੇ ਦਰਵਾਜ਼ੇ ਤੱਕ ਮੁਫ਼ਤ ਸਮਾਨ ਪਹੁੰਚਾਇਆ ਜਾ ਰਿਹਾ ਹੈ ਜੋ ਰੋਜ਼ੀ ਰੋਟੀ ਲਈ ਦਿਹਾੜੀਆਂ ਕਰਦੇ ਸਨ ਜਾਂ ਅਜਿਹਾ ਹੀ ਕੋਈ ਹੋਰ ਕੰਮ ਕਰਕੇ ਗੁਜ਼ਾਰਾ ਕਰਦੇ ਸਨ। ਉਨਾਂ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਕਰਫਿਊ ਦੇ ਬਾਵਜੂਦ ਕਿਸੇ ਵੀ ਲੋੜਵੰਦ ਨੂੰ ਰਾਸ਼ਨ ਸਮੱਗਰੀ, ਦਵਾਈਆਂ ਤੇ ਹੋਰ ਪੱਖਾਂ ਤੋਂ ਕੋਈ ਥੁੜ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਵੱਲੋਂ ਪਿੰਡ ਨਰਾਇਣਗੜ ਦੇ 60 ਪਰਿਵਾਰਾਂ, ਜੌਲੀਆਂ ਦੇ 115 ਪਰਿਵਾਰਾਂ ਅਤੇ ਬੀਂਬੜ ਦੇ 60 ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ ਜਦਕਿ ਰੌਸ਼ਨਵਾਲਾ, ਕਪਿਆਲ, ਸ਼ਾਹਪੁਰ, ਮਾਝੀ, ਰਾਏ ਸਿੰਘ ਵਾਲਾ, ਫੰਮਣਵਾਲ, ਬਖ਼ਤੜੀ, ਹਰਕਿਸ਼ਨਪੁਰਾ ਵਿਖੇ ਪ੍ਰਸ਼ਾਸਨਿਕ ਪੱਧਰ ’ਤੇ ਮੁਹੱਈਆ ਕਰਵਾਈ ਜਾ ਰਹੀ ਰਾਸ਼ਨ ਸਮੱਗਰੀ ਦੀ ਵੰਡ ਕੀਤੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਉਪਲੀ ਰੋਡ ਅਤੇ ਨਾਭਾ ਗੇਟ ਫਿਰਨੀ ਸੰਗਰੂਰ ਵਿਖੇ ਵੀ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ।