ਹਰਿੰਦਰ ਨਿੱਕਾ
- ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ
ਬਰਨਾਲਾ, 28 ਮਾਰਚ 2020 - ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਜ਼ਿਲੇ ਦੇ ਬਾਕੀ ਹਿੱਸਿਆਂ ਤੋਂ ਇਲਾਵਾ ਬਰਨਾਲਾ ਸ਼ਹਿਰ ਵਿੱਚ ਲੋੜਵੰਦਾਂ ਨੂੰ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਮੁਫਤ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪੇਂਡੂ ਵਿਕਾਸ ਵਿਭਾਗ ਦੇ ਅਮਲੇ ਰਾਹੀਂ ਅੱਜ ਪਿੰਡ ਫਰਵਾਹੀ ਤੋਂ ਇਲਾਵਾ ਰਾਹੀ ਬਸਤੀ ਬਰਨਾਲਾ, ਲੱਖੀ ਕਲੋਨੀ, ਗੋਬਿੰਦ ਕਲੋਨੀ ਆਦਿ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ। ਇਨਾਂ ਰਾਸ਼ਨ ਕਿੱਟਾਂ ਵਿੱਚ ਪੰਜ ਕਿੱਲੋ ਆਟਾ, ਇਕ ਕਿੱਲੋ ਖੰਡ, 250 ਗ੍ਰਾਮ ਚਾਹ ਪੱਤੀ, 1 ਥੈਲੀ ਨਮਕ, 250 ਗ੍ਰਾਮ ਹਲਦੀ, 250 ਗ੍ਰਾਮ ਲਾਲ ਮਿਰਚ, ਇਕ ਕਿਲੋ ਚੌਲ, ਕਿਲੋ ਦਾਲ ਆਦਿ ਮੁਹੱਈਆ ਕਰਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿੱਥੇ ਜਿੱਥੇ ਰਾਸ਼ਨ ਦੀ ਮਦਦ ਲਈ ਰਿਪੋਰਟਾਂ ਆ ਰਹੀਆਂ ਹਨ, ਉਨਾਂ ਯੋਗ ਪਰਿਵਾਰਾਂ ਦੀ ਸ਼ਨਾਖਤ ਕਰ ਕੇ ਵੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਪੱਧਰ ’ਤੇ ਵੀ ਲੋੜਵੰਦ ਪਰਿਵਾਰਾਂ ਦਾ ਡੇਟਾ ਇਕੱਲਾ ਕਰ ਕੇ ਮਦਦ ਭੇਜੀ ਜਾ ਰਹੀ ਹੈ।
ਇਸ ਮੌਕੇ ਉਨਾਂ ਕਿਹਾ ਕਿ ਜ਼ਿਲੇ ਵਿੱਚ ਵੱਡੀ ਗਿਣਤੀ ਵਿੱਚ ਸੰਸਥਾਵਾਂ/ਐਨਜੀਓਜ਼ ਲੋੜਵੰਦਾਂ ਦੀ ਸਹਾਂਿੲਤਾ ਲਈ ਅੱਗੇ ਆ ਰਹੀਆਂ ਹਨ, ਜੋ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਸੁੱਕੇ ਰਾਸ਼ਨ ਦਾ ਸਾਮਾਨ ਹੀ ਦਾਨ ਕਰਨ ਨੂੰ ਤਰਜੀਹ ਦੇਣ।
ਰੈੱਡ ਕ੍ਰਾਸ ਸੁਸਾਇਟੀ ਰਾਹੀਂ ਲੋੋੜਵੰਦਾਂ ਦੀ ਮਦਦ ਕਰਨ ਦੀਆਂ ਇੱਛੁਕ ਸੰਸਥਾਵਾਂ/ਐਨਜੀਓ ਐਸਡੀਐਮ ਦਫਤਰ ਵਿਖੇ ਸਹਾਇਕ ਖੁਰਾਕ ਸਪਲਾਈ ਅਫਸਰ ਨਾਲ ਸੰਪਰਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ 01679-244072, 9815986592 ’ਤੇ ਸੰਪਰਕ ਕੀਤਾ ਜਾ ਸਕਦਾ ਹੈ।