ਲਾਲੜੂ, 29 ਮਾਰਚ 2020 - ਕੋਰੋਨਾ ਵਾਇਰਸ ਦਾ ਅਸਰ ਹੁਣ ਖੇਤੀ ਦੇ ਨਾਲ –ਨਾਲ ਸਹਾਇਕ ਧੰਦਿਆਂ 'ਤੇ ਵੀ ਪੈਣ ਲੱਗਾ ਹੈ। ਹੁਣ ਖੁੰਭ ਉਤਪਾਦਕਾਂ ਤੇ ਵੀ 'ਕਰੋਨਾ ਵਾਇਰਸ' ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ , ਜਦੋਂ ਇਸ ਸਬੰਧੀ ਪਿੰਡ ਮਲਕਪੁਰ 'ਚ ਇਕ ਖੁੰਭਾਂ ਦਾ ਉਤਪਾਦਨ ਕਰਨ ਵਾਲੇ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਗਈ ,ਤਾਂ ਉਸ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਉਨ੍ਹਾਂ ਦੇ ਧੰਦੇ ਨੂੰ ਚੌਪਟ ਕਰਕੇ ਰੱਖ ਦਿੱਤਾ ਹੈ, ਜੋ ਉਨ੍ਹਾਂ ਲਈ ਬਹੁਤ ਭਾਰੀ ਆਰਥਿਕ ਸੱਟ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਜਿਹੜਾ ਖੁੰਭ ਬਜ਼ਾਰ ਵਿੱਚ 90 ਰੁਪਏ ਕਿੱਲੋ ਵਿੱਕ ਰਿਹਾ ਸੀ, ਹੁਣ ਉਹ ਅੱਧੇ ਮੁੱਲ ਤੇ ਵੇਚਣਾ ਵੀ ਔਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਆਰਜ਼ੀ ਬਣਾਈਆਂ ਝੁੱਗੀਆਂ ਚੋਂ ਘੱਟ ਪੈਦਾਵਾਰ ਹੋਣ ਕਰਕੇ ਨੇੜੇ-ਤੇੜੇ ਦੇ ਪਿੰਡਾਂ 'ਚ ਔਖਾ-ਸੌਖਾ ਵਿਕਰੀ ਹੋ ਜਾਂਦੀ ਸੀ। ਪਰ ਆਉਣ ਵਾਲੇ 4-5 ਦਿਨ ਬਾਅਦ ਖੁੰਭਾਂ ਪੈਦਾ ਕਰਨ ਲਈ ਬਣਾਇਆ 'ਗ੍ਰੋਇੰਗ ਰੂਮ' ਖੁੱਲ ਜਾਣਾ ਹੈ, ਜਿਸ 'ਚ ਰੋਜ਼ਾਨਾ ਘੱਟੋ ਘੱਟ 5 ਕੁਇੰਟਲ ਖੁੰਭ ਤਿਆਰ ਹੋਵੇਗੀ, ਨੂੰ ਵੇਚਣਾ ਉਨ੍ਹਾਂ ਲਈ ਬਹੁਤ ਵੱਡੀ ਮੁਸਿਬਤ ਬਣ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਰਫਿਊ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਇੰਨੀ ਵੱਡੀ ਮਾਤਰਾ ਵਿੱਚ ਖੁੰਭਾ ਦੀ ਪੈਦਾਵਾਰ ਨੂੰ ਖਪਤ ਕਰਨਾ ਇਸ ਛੋਟੇ ਜਿਹੇ ਖੇਤਰ ਵਿੱਚ ਨਾਮੁਨਕਿਨ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਲੱਗਣ ਤੋਂ ਪਹਿਲਾਂ ਵੱਧ ਪੈਦਾਵਾਰ ਹੋਣ ਉੱਤੇ ਖੁੰਭ ਟਰਾਂਸਪੋਰਟ ਰਾਹੀਂ ਚੰਡੀਗੜ੍ਹ ਵਿਖੇ ਪਹੁੰਚਾ ਦਿੱਤੀ ਜਾਂਦੀ ਸੀ, ਪਰ ਜੋ ਕੇ ਹੁਣ ਆਵਾਜਾਈ ਬੰਦ ਹੋਣ ਕਰਕੇ ਸੰਭਵ ਨਹੀਂ ਹੈ।ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖੁੰਭ ਨੂੰ ਸਹੀ ਸਮੇਂ 'ਤੇ ਪੈਦਾ ਕਰਨ ਲਈ 'ਗ੍ਰੋਇੰਗ ਰੂਮ' ਦਾ ਤਾਪਮਾਨ 20 ਡਿਗਰੀ ਤੱਕ ਰਖਿਆ ਜਾਂਦਾ ਹੈ, ਪਰ ਹੁਣ ਉਹ ਖੂੰਬ ਦੀ ਪੈਦਾਵਾਰ ਨੂੰ ਲੇਟ ਕਰਨ ਲਈ ਤਾਪਮਾਨ ਨੂੰ 14 ਡਿਗਰੀ ਤੱਕ ਰੱਖ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਵੱਧ ਸਮੇਂ ਲਈ ਏ.ਸੀ ਚਾਲੂ ਰੱਖਣਾ ਪੈਂਦਾ ਹੈ।
ਇਸ ਤਰ੍ਹਾਂ ਨਾਲ ਬਿਜਲੀ ਦਾ ਖ਼ਰਚਾ ਵੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਸ਼ੁਰੂ ਕਰਨ ਲਈ ਉਨ੍ਹਾਂ ਨੇ 27 ਲੱਖ ਰੁਪਏ ਦਾ ਕਰਜ਼ਾ ਲਿਆ ਹੈ, ਜਿਸ ਦੀ 3 ਮਹੀਨਿਆਂ ਮਗਰੋਂ 1 ਲੱਖ ਰੁਪਏ ਦੀ ਕਿਸ਼ਤ ਆਉਂਦੀ ਹੈ। ਸਰਕਾਰ ਨੇ ਭਾਂਵੇ ਇਸ ਮਹਾਂਮਾਰੀ ਦੇ ਚਲਦਿਆਂ ਕਿਸ਼ਤ ਭਰਨ ਦੇ ਤੈਅ ਸਮੇਂ 'ਚ 3 ਮਹੀਨੇ ਦਾ ਵਾਧਾ ਜ਼ਰੂਰ ਕੀਤਾ ਹੈ, ਪਰ ਕੰਮ ਠੱਪ ਪਿਆ ਹੋਣ ਕਰਕੇ ਪੈਸਿਆਂ ਦਾ ਇੰਤਜ਼ਾਮ ਹੋਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ, ਕਿ ਘੱਟੋ-ਘੱਟ ਉਨ੍ਹਾਂ ਦੀ ਇੱਕ ਕਿਸ਼ਤ ਮੁਆਫ਼ ਕੀਤੀ ਜਾਵੇ ਅਤੇ ਖੁੰਭਾਂ ਦੀ ਫ਼ਸਲ ਨੂੰ ਮੰਡੀ ਤੱਕ ਪਹੁੰਚਦਾ ਕਰਨ ਲਈ ਢੁਕਵਾਂ ਇੰਤਜ਼ਾਮ ਕੀਤਾ ਜਾਵੇ।
ਮਲਕੀਤ ਸਿੰਘ ਮਲਕਪੁਰ
- ਮੋਬਾਇਲ +91 79-86270796