ਫਿਰੋਜ਼ਪੁਰ 30 ਮਾਰਚ 2020 : ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਭਾਰਤ ਨੂੰ 21ਦਿਨ ਲਈ ਲਾਕ ਡਾਊਨ ਕੀਤਾ ਗਿਆ ਸੀ। ਲਾਕ ਡਾਊਨ ਦੇ ਸਮੇਂ ਦੁਕਾਨਾਂ ਅਤੇ ਬੈਂਕ ਆਦਿ ਬੰਦ ਹੋ ਜਾਣ ਕਰਕੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਵੇਖਦੇ ਹੋਏ ਸਰਕਾਰ ਨੇ ਲੋੜਵੰਦ ਵਸਤੂਆਂ ਦੀਆਂ ਦੁਕਾਨਾਂ ਵਾਲੇ ਸਾਰੇ ਦੁਕਾਨਦਾਰਾਂ ਨੂੰ ਹੋਮ ਡਲੀਵਰੀ ਦੇਣ ਲਈ ਪਾਸ ਜਾਰੀ ਕਰ ਦਿੱਤੇ ਗਏ ਸਨ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ।
ਸਰਕਾਰ ਦੇ ਹੁਕਮਾਂ 'ਤੇ ਅੱਜ ਬੈਂਕ ਖੁੱਲ ਜਾਣ 'ਤੇ ਬੈਂਕਾਂ ਦੇ ਬਾਹਰ ਪੈਨਸ਼ਨ ਧਾਰਕਾਂ ਅਤੇ ਹੋਰ ਲੋਕਾਂ ਵਲੋਂ ਪੈਸੇ ਦਾ ਲੈਣ ਦੇਣ ਲਈ ਭਾਰੀ ਭੀੜ ਵੇਖਣ ਨੂੰ ਮਿਲੀ। ਇਸ ਦੌਰਾਨ ਲੋਕ ਇਕ ਦੂਜੇ ਤੋਂ ਦੂਰੀ ਬਣਾ ਕੇ ਖੜ੍ਹਣ ਦੀ ਥਾਂ ਇਕ ਦੂਜੇ ਨਾਲ ਖਹਿੰਦੇ ਹੋਏ ਨਜ਼ਰ ਆਏ। ਲਾਕ ਡਾਊਨ ਦੌਰਾਨ ਖੁੱਲੇ ਬੈਂਕ ਦੇ ਮੈਨੇਜਰ ਗੁਰਦੀਪ ਸਿੰਘ ਨੇ ਬੈਂਕ ਵਿਚ ਆਏ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਇਕ ਦੂਜੇ ਤੋਂ ਦੂਰ ਰਹਿਣ। ਬੇਨਤੀ ਕਰਨ ਦੇ ਬਾਵਜੂਦ ਇਸ ਮੌਕੇ ਲੋਕ ਆਪਣੀ ਜਿੱਦ 'ਤੇ ਅੜੇ ਹੋਏ ਵਿਖਾਈ ਦਿੱਤੇ। ਇਸ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਪੈਨਸ਼ਨ ਲੈਣ ਵਾਲੇ ਹਨ।