31 ਮਾਰਚ ਦੀ ਮਿਆਦ ਮੁੱਕਣ ਤੋਂ ਬਾਅਦ ਵੀ ਆੜਤੀਆਂ ਦੇ ਲਾਇਸੰਸ ਕਣਕ ਦੀ ਸਰਕਾਰੀ ਖਰੀਦ ਤੱਕ ਯੋਗ ਸਮਝੇ ਜਾਣਗੇ-ਚੇਅਰਮੈਨ ਲਾਲ ਸਿੰਘ
ਖਰੀਦ ਪ੍ਰਕਿ੍ਰਆ ਤੱਕ ਆੜਤੀਏ ਬਿਨਾਂ ਲੇਟ ਫੀਸ ਤੋਂ ਲਾਇਸੰਸ ਨਵਿਆ ਸਕਣਗੇ
ਚੰਡੀਗੜ 30 ਮਾਰਚ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਨਾਲ ਪੈਦਾ ਹੋਏ ਸੰਕਟ ਵਿੱਚ ਲੋੜਵੰਦਾਂ ਦੀ ਮਦਦ ਵਾਸਤੇ ਯੋਗਦਾਨ ਪਾਉਣ ਦੀ ਕੀਤੀ ਜਨਤਕ ਅਪੀਲ ਨੂੰ ਹੰੁਗਾਰਾ ਭਰਦਿਆਂ ਪੰਜਾਬ ਮੰਡੀ ਬੋਰਡ ਅਤੇ ਸਮੂਹ ਮਾਰਕਿਟ ਕਮੇਟੀਆਂ ਵਿੱਚ ਕੰਮ ਕਰ ਰਹੇ ਅਤੇ ਸੇਵਾ-ਮੁਕਤ ਮੁਲਾਜ਼ਮਾਂ ਵੱਲੋਂ ਆਪਣੀ ਇਕ ਦਿਨ ਦੀ ਤਨਖਾਹ ‘ਮੁੱਖ ਮੰਤਰੀ ਕੋਵਿਡ ਰਾਹਤ ਕੋਸ਼’ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਮਾਰਕੀਟਿੰਗ ਵਿੰਗ, ਇੰਜੀਨੀਅਰਿੰਗ ਵਿੰਗ ਅਤੇ ਮਾਰਕਿਟ ਕਮੇਟੀਆਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀ ਇਕ ਦਿਨ ਦੀ ਤਨਖਾਹ ਜੋ ਲਗਪਗ ਇਕ ਕਰੋੜ ਰੁਪਏ ਦੇ ਕਰੀਬ ਬਣਦੀ ਹੈ, ਦਾ ਯੋਗਦਾਨ ਪਾਉਣ ਦਾ ਫੈਸਲਾ ਲਿਆ ਗਿਆ ਤਾਂ ਕਿ ਗਰੀਬ ਲੋਕਾਂ ਜਿਨਾਂ ਦੇ ਰੋਜ਼ਗਾਰ ਪ੍ਰਭਾਵਿਤ ਹੋ ਗਏ ਹਨ ਅਤੇ ਲੋਕ ਰੋਜ਼ੀ ਰੋਟੀ ਤੋਂ ਮੁਥਾਜ ਹੋ ਗਏ ਹਨ, ਦੀ ਮਦਦ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਚੇਅਰਮੈਨ ਨੇ ਰਾਜ ਦੇ ਆੜਤੀਆਂ ਨੂੰ ਰਾਹਤ ਦਿੰਦੇ ਹੋਏ ਇਹ ਵੀ ਐਲਾਨ ਕੀਤਾ ਕਿ ਜਿਨਾਂ ਆੜਤੀਆਂ ਦੇ ਲਾਈਸੈਂਸ 31 ਮਾਰਚ, 2020 ਨੂੰ ਖਤਮ ਹੋ ਰਹੇ ਹਨ ਅਤੇ ਕਰਫਿਊ ਅਤੇ ਲੌਕਡਾਊਨ ਕਾਰਨ ਉਹ ਰੀਨੀਊ ਨਹੀਂ ਕਰਵਾ ਸਕੇ, ਉਨਾਂ ਦੇ ਲਾਇਸੈਂਸ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਚੱਲਣ ਤੱਕ ਯੋਗ ਰਹਿਣਗੇ ਅਤੇ ਉਹ ਆਪਣਾ ਕਾਰੋਬਾਰ ਆਮ ਵਾਂਗ ਕਰ ਸਕਣਗੇ ਤਾਂ ਜੋ ਕਣਕ ਦੀ ਖਰੀਦ ਸਮੇਂ ਆੜਤੀਆਂ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨਾਂ ਦੱਸਿਆ ਕਿ ਸਬੰਧਤ ਆੜਤੀਏ ਕਣਕ ਦੀ ਸਰਕਾਰੀ ਖਰੀਦ ਚੱਲਣ ਤੱਕ ਆਪਣੇ ਲਾਈਸੈਂਸ ਬਿਨਾਂ ਲੇਟ ਫੀਸ ਤੋਂ ਰੀਨੀਊ ਕਰਵਾ ਸਕਣਗੇ।
ਮੁੱਖ ਮੰਤਰੀ ਵੱਲੋਂ ਕਰੋਨਾ ਵਾਇਰਸ ਨਾਲ ਲੜਨ ਲਈ ਸਮੇਂ ਸਿਰ ਚੁੱਕੇ ਯੋਗ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਚੇਅਰਮੈਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਨਾਂ ਫੈਸਲਿਆਂ ਨਾਲ ਯਕੀਨਨ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇਗਾ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮੇਂ ਸਿਰ ਚੁੱਕੇ ਕਦਮਾਂ ਸਦਕਾ ਸੂਬੇ ਦੇ ਲੋਕਾਂ ਲਈ ਵੱਡੀ ਰਾਹਤ ਨੂੰ ਯਕੀਨੀ ਬਣਾਇਆ ਜਾ ਸਕਿਆ।
ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਕੰਮ ਕਰ ਰਹੇ ਅਤੇ ਸੇਵਾ-ਮੁਕਤ ਮੁਲਾਜ਼ਮਾਂ ਵੱਲੋਂ ਪਾਏ ਯੋਗਦਾਨ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਜਿਹੀ ਔਖੀ ਘੜੀ ਵਿੱਚ ਆਮ ਜਨਤਾ ਨੂੰ ਜ਼ਰੂਰੀ ਵਸਤੂਆਂ ਪਹੁੰਚਾਉਣ ਲਈ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਮੰਡੀ ਬੋਰਡ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ।