ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਅਤੇ ਗੁਰਦੁਆਰਾ ਬਾਬੇ ਸ਼ਹੀਦਾਂ, ਸਰਮਸਤਪੁਰ ਵੱਲੋਂ ਪਿੰਡਾਂ ਵਿਚ ਵਰਤਾਇਆ ਗਿਆ ਲੰਗਰ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਹਸਪਤਾਲ ਮਹਿਤਾ ਲੋੜਵੰਦਾਂ ਨੂੰ ਦੇ ਰਿਹਾ ੨੪ ਘੰਟੇ ਐਮਰਜੈਂਸੀ ਸੇਵਾਵਾਂ
ਮਹਿਤਾ ਚੌਕ 30 ਮਾਰਚ 2020: ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਤਾਲਾਬੰਦੀ ਅਤੇ ਕਰਫ਼ਿਊ ਦਾ ਸਾਹਮਣਾ ਕਰਨ ਲਈ ਮਜਬੂਰ ਲੋੜਵੰਦ ਲੋਕਾਈ ਦੀ ਹਰ ਸੰਭਵ ਮਦਦ ਅਤੇ ਉਨ੍ਹਾਂ ਤਕ ਲੰਗਰ ਅਤੇ ਹੋਰ ਸਹੂਲਤਾਂ ਪਹੁੰਚਾਉਣ ਲਈ ਸਿਖ ਸੰਗਤਾਂ ਅਤੇ ਸਿਖ ਸੰਸਥਾਵਾਂ ਨੂੰ ਅਗੇ ਆਉਣ ਦਾ ਸਦਾ ਦਿਤਾ ਹੈ। ਉਨ੍ਹਾਂ ਸਰਕਾਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਦੇ ਘਰਾਂ ਤਕ ਲੋੜੀਂਦੀਆਂ ਵਸਤਾਂ ਅਤੇ ਜ਼ਰੂਰੀ ਸੇਵਾਵਾਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਪ੍ਰਤੀ ਜ਼ਰੂਰੀ ਕਦਮ ਚੁਕੇ ਜਾਣ ਦੀ ਲੋੜ 'ਤੇ ਜੋਰ ਦਿਤਾ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਮਹਾਂਮਾਰੀ ਕਰੋਨਾਵਾਇਰਸ ਕਰਕੇ ਪੰਜਾਬ ਵਿਚ ਲਗੇ ਕਰਫ਼ਿਊ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਕਸਾਲ ਦੇ ਸਿੰਘਾਂ ਵੱਲੋਂ ਗਰੀਬ ਪਰਿਵਾਰਾਂ ਤਕ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਦਮਦਮੀ ਟਕਸਾਲ,ਜੱਥਾ ਭਿੰਡਰਾਂ ਮਹਿਤਾ ਦੇ ਬਰਾਂਚ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਅਤੇ ਗੁਰਦੁਆਰਾ ਬਾਬੇ ਸ਼ਹੀਦਾਂ , ਸਰਮਸਤਪੁਰ, ਜਲੰਧਰ ਵੱਲੋਂ ਦਰਜਨਾਂ ਆਸ ਪਾਸ ਦੇ ਨਜ਼ਦੀਕੀ ਪਿੰਡਾਂ ਵਿਚ ਲੰਗਰ ਵਰਤਾਇਆ ਗਿਆ , ਇਸੇ ਤਰਾਂ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਹਸਪਤਾਲ ਮਹਿਤਾ ਵਿਖੇ ੨੫ ਮਾਰਚ ਤੋਂ ੧੪ ਅਪ੍ਰੈਲ ਤਕ ਲੋੜਵੰਦਾਂ ਲਈ ਐਮਰਜੈਂਸੀ ਸੇਵਾਵਾਂ ੨੪ ਘੰਟੇ ਲਈ ਖੋਲੀਆਂ ਗਈਆਂ ਜਿਸ ਨੂੰ ਲੋੜ ਪੈਣ 'ਤੇ ਅਗੇ ਵਧਾਉਂਦਿਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ। ਦਮਦਮੀ ਟਕਸਾਲ ਮੁਖੀ ਨੇ ਸਿਖ ਸੰਗਤਾਂ, ਸ਼੍ਰੋਮਣੀ ਕਮੇਟੀ, ਸਵੈ ਸੇਵੀ ਸੰਸਥਾਵਾਂ ਅਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਮੌਜੂਦਾ ਹਲਾਤਾਂ 'ਚ ਨਿਭਾਈ ਜਾ ਰਹੀ ਸੇਵਾਵਾਂ ਤੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਜਸੀ ਪਾਰਟੀਆਂ ਨੂੰ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਿਆਸੀ ਈਰਖੇਬਾਜੀ ਛੱਡ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਰੀਬ ਵਰਗ ਦੋ ਵਕਤ ਦੀ ਰੋਟੀ ਲਈ ਸਰਕਾਰੀ ਅਤੇ ਗੈਰ ਸਰਕਾਰੀ ਮਦਦ ਦੀ ਉਡੀਕ 'ਚ ਹਨ। ਸਰਕਾਰ ਵੱਲੋਂ ਮਹਾਂਮਾਰੀ ਨੂੰ ਰੋਕਣ ਲਈ ਹਰ ਲੋੜੀਦਾ ਕਦਮ ਚੁੱਕਿਆ ਜਾ ਰਿਹਾ ਹੈ ਪਰ ਕਾਲਾਬਾਜ਼ਾਰੀ ਦੇ ਚੱਲਦਿਆਂ ਆਮ ਲੋਕ ਮਹਿੰਗਾਈ ਦੀ ਮਾਰ ਝੱਲਣ ਲਈ ਮਜਬੂਰ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਮੁਲਕਾਂ ਵਿਚ ਹਜ਼ਾਰਾਂ ਲੋਕ ਕਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਅਤੇ ਨਿਰੰਤਰ ਜਾ ਰਹੇ ਹਨ। ਇਸ ਵਕਤ ਦੁਨੀਆ ਪੂਰੀ ਤਰਾਂ ਭੈਭੀਤ ਅਤੇ ਸਹਿਮ ਹੇਠ ਹੈ। ਅਜ ਹਰ ਗੁਰਸਿਖ ਲਈ ਆਪਣੇ ਗੁਰੂ ਸਾਹਿਬਾਨ ਵੱਲੋਂ ਦਿਤੇ ਗਏ ਸਰਬਤ ਦੇ ਭਲੇ ਦੀ ਫ਼ਲਸਫ਼ੇ ਨੂੰ ਪਰਵਾਨ ਚਾੜਣ ਦਾ ਵੇਲਾ ਹੈ। ਇਸ ਲਈ ਵੱਧ ਤੋਂ ਵੱਧ ਲੋਕਾਈ ਦੀ ਸੇਵਾ ਯਕੀਨੀ ਬਣਾਈ ਜਾਵੇ। ਇਸ ਮੌਕੇ ਬਾਬਾ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਅਜੀਤ ਸਿੰਘ, ਜਥੇ ਸੁਖਦੇਵ ਸਿੰਘ, ਜ: ਜਰਨੈਲ ਸਿੰਘ, ਰਵਿੰਦਰ ਪਾਲ ਸਿੰਘ ਰਾਜੂ, ਰਸ਼ਪਾਲ ਸਿੰਘ ਬੋਨਾ, ਮਾਸਟਰ ਮੁਖਵਿੰਦਰ ਸਿੰਘ, ਚਰਨਜੀਤ ਸਿੰਘ ਪੰਚ ਅਤੇ ਰਿੰਪਲਜੀਤ ਸਿੰਘ ਆਦਿ ਮੌਜੂਦ ਸਨ।