ਲੋਕਾਂ ਨੂੰ ਘੱਟੋ-ਘੱਟ 1 ਮੀਟਰ ਦਾ ਫ਼ਾਸਲਾ ਬਣਾ ਕੇ ਖੜ੍ਹੇ ਰਹਿਣ ਦੀ ਕੀਤੀ ਅਪੀਲ
ਰਾਸ਼ਨ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰਾਂ ਦੀ ਵੀ ਕੀਤੀ ਚੈਕਿੰਗ
ਮਿੱਤਰ ਸੈਨ ਸ਼ਰਮਾ
ਮਾਨਸਾ 30 ਮਾਰਚ 2020: ਅੱਜ ਮਾਨਸਾ ਦੇ ਵੱਖ-ਵੱਖ ਬੈਂਕਾਂ ਦਾ ਦੌਰਾ ਕਰਕੇ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੋ ਵੀ ਵਿਅਕਤੀ ਬੈਂਕਾਂ ਜਾਂ ਬੈਂਕਾਂ ਵੱਲੋਂ ਖੋਲ੍ਹੇ ਗਏ ਏ.ਟੀ.ਐੱਮਜ਼ ਦੀ ਵਰਤੋਂ ਕਰਨ ਲਈ ਪਹੁੰਚੇ ਹਨ, ਉਹ ਇੱਕ–ਦੂਜੇ ਤੋਂ 1 ਮੀਟਰ ਦੇ ਫਾਸਲੇ 'ਤੇ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ, ਇਸ ਲਈ ਆਪਸ 'ਚ 1 ਮੀਟਰ ਦੀ ਦੂਰੀ ਬਣਾ ਕੇ ਰੱਖੋ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਸ਼੍ਰੀ ਚਹਿਲ ਨੇ ਬੈਂਕਾਂ ਦੇ ਬ੍ਰਾਂਚ ਮੈਨੇਜ਼ਰਾਂ ਨੂੰ ਵੀ ਹਦਾਇਤ ਕੀਤੀ ਕਿ ਬੈਂਕਾਂ ਵਿੱਚ ਆਏ ਲੋਕਾਂ ਦਾ ਜਲਦ ਤੋਂ ਜਲਦ ਕੰਮ ਮੁਕੰਮਲ ਕਰਕੇ ਭੇਜਿਆ ਜਾਵੇ, ਤਾਂ ਜੋ ਬੈਂਕਾਂ ਦੇ ਬਾਹਰ ਭੀੜ ਜਮ੍ਹਾਂ ਨਾ ਹੋ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਵਾਇਆ ਜਾਵੇ ਅਤੇ ਏ.ਟੀ.ਐੱਮ. ਦੇ ਦਰਵਾਜ਼ੇ ਦੇ ਹੈਂਡਲ, ਮਸ਼ੀਨ ਦੇ ਟੱਚਪੈਡ ਜਾਂ ਕੀ-ਪੈਡ ਨੂੰ ਵੀ ਸੈਨੇਟਾਈਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਲੋਕ ਏ.ਟੀ.ਐੱਮ. ਦੀ ਵਰਤੋਂ ਕਰਨ ਲਈ ਆਏ ਹਨ ਉਨ੍ਹਾਂ ਦੇ ਹੱਥ 'ਤੇ ਵੀ ਸੈਨੇਟਾਈਜ਼ਰ ਛਿੜਕਿਆ ਜਾਵੇ, ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਆਪਣੇ ਬੈਂਕ ਦੇ ਕਿਸੇ ਮੁਲਾਜ਼ਮ ਦੀ ਡਿਊਟੀ ਲੋਕਾਂ ਵਿੱਚ ਫ਼ਾਸਲਾ ਮੈਨਟੇਨ ਕਰਨ 'ਤੇ ਵੀ ਲਗਾਈ ਜਾਵੇ।
ਇਸ ਤੋਂ ਇਲਾਵਾ ਸ਼੍ਰੀ ਚਹਿਲ ਨੇ ਵੱਖ-ਵੱਖ ਰਾਸ਼ਨ ਦੀਆਂ ਦੁਕਾਨਾਂ ਅਤੇ ਮੋਰ (ਰਾਸ਼ਨ ਦਾ ਸ਼ੋਅ ਰੂਮ) ਅਤੇ ਦਵਾਈਆਂ ਦੀਆਂ ਦੁਕਾਨਾਂ 'ਤੇ ਵੀ ਚੈਕਿੰਗ ਕੀਤੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਥਾਂ 'ਤੇ ਲੋਕਾਂ ਦੀ ਭੀੜ ਜਮ੍ਹਾਂ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਵਿੱਚ ਘੱਟੋ-ਘੱਟ ਇੱਕ ਮੀਟਰ ਦਾ ਫ਼ਸਾਲਾ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਬਿਨਾ ਕਿਸੇ ਜਰੂਰੀ ਕੰਮ ਤੋਂ ਬਜ਼ਾਰਾਂ ਵਿੱਚ ਨਾ ਘੁੰਮਿਆ ਜਾਵੇ, ਕਿਉਂ ਕਿ ਤੁਹਾਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਦਾ ਇਹ ਮਤਲਬ ਨਹੀਂ ਹੈ ਕਿ ਕਰਫਿਊ ਵਿੱਚ ਢਿੱਲ ਦੇ ਦਿੱਤੀ ਗਈ ਹੈ। ਇਸ ਲਈ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਪ੍ਰਸ਼ਾਸ਼ਨ ਨੂੰ ਆਪਣਾ ਸਹਿਯੋਗ ਕਰਨ। ਇਸ ਮੌਕੇ ਏ.ਡੀ.ਸੀ. (ਵ) ਗੁਰਮੀਤ ਸਿੰਘ ਸਿੱਧੂ, ਐੱਸ.ਡੀ.ਐੱਮ. ਮਾਨਸਾ ਸਰਬਜੀਤ ਕੌਰ, ਐੱਸ.ਪੀ. ਕੁਲਦੀਪ ਸਿੰਘ ਸੋਹੀ, ਡੀ.ਐੱਸ.ਪੀ. (ਸਬ-ਡਵੀਜ਼ਨ ਮਾਨਸਾ) ਹਰਜਿੰਦਰ ਸਿੰਘ ਗਿੱਲ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜ਼ਰ ਕਮਲ ਗਰਗ ਤੋਂ ਇਲਾਵਾ ਜ਼ਿਲ੍ਹਾ ਕੋਰੋਨਾ ਵਾਇਰਸ ਜਾਗ੍ਰਿਤੀ ਮੁਹਿੰਮ ਇੰਚਾਰਜ (ਪੁਲਿਸ ਪ੍ਰਸਾਸ਼ਨ) ਬਲਵੰਤ ਸਿੰਘ ਭੀਖੀ ਮੌਜ਼ੂਦ ਸਨ।