ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2020: ਪੰਜਾਬ ’ਚ ਲਾਏ ਕਰਫਿੳੂ ਤੇ ਮੁਲਕ ਭਰ ’ਚ ਕੀਤੀ ਤਾਲਾਬੰਦੀ ਦੇ ਚਲਦਿਆਂ ਰੋਜ ਦੀ ਰੋਜ਼ ਕਮਾ ਕੇ ਖਾਣ ਵਾਲੇ ਕਿਰਤੀ ਲੋਕਾਂ ਤੇ ਹੋਰਨਾਂ ਲੋੜਵੰਦਾਂ ਦੇ ਠੰਢੇ ਹੋਏ ਚੁੱਲਿਆਂ ਨੂੰ ਤਪਦਾ ਰੱਖਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਚੌਥੇ ਦਿਨ ਵੀ ਦੁੱਧ ਤੇ ਰਾਸ਼ਨ ਦੀ ਸਪਲਾਈ ਜਾਰੀ ਰੱਖੀ ਗਈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਅੱਜ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਸਮੇਤ 7 ਜ਼ਿਲਿਆਂ ਦੇ 35 ਪਿੰਡਾਂ ਤੇ ਸ਼ਹਿਰੀ ਬਸਤੀਆਂ ’ਚ ਦੁੱਧ ਤੇ ਲੋੜੀਂਦਾ ਸੁੱਕਾ ਰਾਸ਼ਨ ਵੰਡਿਆ ਗਿਆ। ਕਿਸਾਨ ਜਥੇਬੰਦੀ ਦੀ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਕੁੱਝ ਥਾਂਵਾ ’ਤੇ ਅਧਿਆਪਕਾਂ ਦੀ ਜਥੇਬੰਦੀ ਡੀ.ਟੀ.ਐਫ਼. ਵੱਲੋਂ ਵੀ ਲੋੜਵੰਦ ਪਰਿਵਾਰਾਂ ਤੱਕ ਸੁੱਕਾ ਰਾਸ਼ਨ ਪੁਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਰਾਂ ਟੈਕਸਟਾਈਲ ਹੌਜ਼ਰੀ ਕਾਮਗਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ (ਲਲਕਾਰ) ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਤੇ ਚੰਡੀਗੜ ਦੇ ਹਲੋਮਾਜਰਾ ਖੇਤਰ ਵਿਖੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ ਗਿਆ। ਕਿਸਾਨ ਆਗੂਆਂ ਨੇ ਹੋਰਨਾਂ ਲੋਕ ਪੱਖੀ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੇ ਦੌਰ ’ਚ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ ਉਹਨਾਂ ਇਸ ਔਖੋ ਦੌਰ ’ਚ ਸਰਕਾਰਾਂ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤਾਂ ਅਤੇ ਸਿਹਤ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਟਾਫ਼ ਲਈ ਮਾਸਕ ਤੇ ਸੈਨਟਾਈਜਰ ਸਮੇਤ ਬਚਾਓ ਕਿੱਟਾਂ ਪੁਚਾਉਣ ’ਚ ਕੀਤੀ ਜਾ ਰਹੀ ਦੇਰੀ ’ਤੇ ਚਿੰਤਾ ਜਾਹਰ ਕਰਦਿਆਂ ਮੰਗ ਕੀਤੀ ਕਿ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਹਰ ਲੋੜਵੰਦ ਪਰਿਵਾਰ ਤੱਕ ਦੁੱਧ ਤੇ ਰਾਸ਼ਨ ਦੀ ਲੋੜ ਅਨੁਸਾਰ ਸਪਲਾਈ ਯਕੀਨੀ ਬਣਾਈ ਜਾਵੇ, ਕਰੋਨਾਂ ਤੋਂ ਇਲਾਵਾ ਹੋਰਨਾਂ ਬਿਮਾਰੀਆਂ ਤੋਂ ਪੀੜਤਾਂ ਦਾ ਇਲਾਜ ਕੀਤਾ ਜਾਵੇ, ਕਰੋਨਾ ਪੀੜਤਾਂ ਦੀ ਭਾਲ, ਟੈਸਟ ਤੇ ਇਲਾਜ ਲਈ ਬਜਟ ਜਾਰੀ ਕੀਤਾ ਜਾਵੇ ਅਤੇ ਵੱਡੇ ਪੱਧਰ ’ਤੇ ਡਾਕਟਰਾਂ ਤੇ ਸਟਾਫ਼ ਨਰਸਾਂ ਦੀ ਭਰਤੀ ਕਰਨ ਦੇ ਨਾਲ-ਨਾਲ ਵੈਟੀਲੇਟਰਾਂ ਤੇ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ, ਇਸ ਬਿਮਾਰੀ ਤੋਂ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰਾਂ ਤੇ ਸਟਾਫ਼ ਨਰਸਾਂ ਤੇ ਸਫ਼ਾਈ ਸੇਵਕਾਂ ਲਈ ਬਚਾਓ ਕਿੱਟਾਂ ਮੁਫ਼ਤ ’ਚ ਮਹੱਈਆ ਕਰਾਈਆਂ ਜਾਣ, ਇਸ ਸੰਕਟ ਨਾਲ ਨਜਿੱਠਣ ਲਈ ਸਭਨਾਂ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲੈ ਕੇ ਸਮੂਹ ਸਿਹਤ ਸੇਵਾਵਾਂ ਦਾ ਕੌਮੀਕਰਨ ਕੀਤਾ ਜਾਵੇ ਅਤੇ ਲੋੜੀਂਦੇ ਵੱਡੇ ਬਜਟਾਂ ਦੀ ਪੂਰਤੀ ਲਈ ਅੰਡਾਨੀਆਂ ਅੰਬਾਨੀਆਂ ਵਰਗੇ ਦੇਸ਼ ਦੇ ਉਪਰਾਲੇ 10 ਫੀਸਦੀ ਅਮੀਰ ਲੋਕਾਂ ’ਤੇ ਵੱਡੇ ਟੈਕਸ ਲਾ ਕੇ ਰਕਮਾਂ ਜੁਟਾਈਆਂ ਜਾਣ ਤੇ ਰਿਜਵ ਬੈਂਕ ਵੱਲੋਂ ਦਰ ਖੋਹਲੇ ਜਾਣ।