ਦੋਵੇਂ ਐਪੀਡੋਮੋਲਿਜਸਟ ਸੈਂਪਲਿੰਗ ਰਿਕਾਰਡ, ਰਿਪੋਰਟ, ਸਟਾਕ, ਕੁਆਰਨਟਾਈਨ ਤੇ ਹੋਰ ਸੁਵਿਧਾਵਾਂ ਲਗਾਤਾਰ ਸਟੇਟ ਆਈ ਡੀ ਐਸ ਪੀ ਸੈੱਲ ਨੂੰ ਦੇ ਰਹੇ ਨੇ ਰਿਪੋਰਟ
ਜ਼ਿਲ੍ਹਾ ਸਿਹਤ ਅਫ਼ਸਰ ਰੱਖ ਰਹੇ ਨੇ ਵਿਦੇਸ਼ੀ ਯਾਤਰੀਆਂ ਦੀ ਸੂਚੀ ’ਤੇ ਨਜ਼ਰ
ਜ਼ਿਲ੍ਹੇ ’ਚ ਹੁਣ ਤੱਕ 369 ਸੈਂਪਲਾਂ ’ਚੋਂ 309 ਨੈਗੇਟਿਵ, 30 ਦੀ ਰਿਪੋਰਟ ਪੈਂਡਿੰਗ
ਨਵਾਂਸ਼ਹਿਰ, 30 ਮਾਰਚ,2020: ਕੋਵਿਡ-19 ਦੀ ਰੋਕਥਾਮ ’ਚ ਜ਼ਿਲ੍ਹੇ ’ਚ ਚੱਲ ਰਹੇ ਜ਼ਮੀਨੀ ਪੱਧਰ ਦੇ ਯਤਨਾਂ ’ਚ ਜ਼ਿਲ੍ਹੇ ਦਾ ਇੰਟੈਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਸੈੱਲ (ਆਈ ਡੀ ਐਸ ਪੀ) ਸਭ ਤੋਂ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ। ਇਸ ਸੈੱਲ ’ਚ ਤਾਇਨਾਤ ਦੋ ਐਪੀਡੋਮੋਲਿਜਸਟ ਡਾ. ਜਗਦੀਪ ਅਤੇ ਡਾ. ਸ਼ਿਆਮ ਵੇਦਾ ਸਵੇਰ ਤੋਂ ਰਾਤ ਤੱਕ ਦਿਨ ਭਰ ਦੀਆਂ ਸੈਂਪਲਿੰਗ ਰਿਪੋਰਟਾਂ ਭੇਜਣ ਅਤੇ ਪ੍ਰਾਪਤ ਕਰਨ, ਸੈਂਪਲਿੰਗ ਕਿੱਟਾਂ ਦਾ ਸਟਾਕ ਬਰਕਰਾਰ ਰੱਖਣ, ਕੁਆਰਨਟਾਈਨ ਰਿਪੋਰਟਾਂ ਅਤੇ ਹੋਰ ਸੁਵਿਧਾਵਾਂ ਸਬੰਧੀ ਕੰਮ ਕਰ ਰਹੇ ਹਨ।
ਡਾ. ਜਗਦੀਪ ਅਨੁਸਾਰ ਜ਼ਿਲ੍ਹੇ ’ਚ 18 ਮਾਰਚ ਨੂੰ ਬਲਦੇਵ ਸਿੰਘ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦਾ ਸੈੱਲ ਮੌਕ ਡਿ੍ਰਲ ’ਚ ਅਤੇ ਜਾਗਰੂਕਤਾ ’ਚ ਰੱੁਝਿਆ ਹੋਇਆ ਸੀ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਵੱਡੇ ਪੱਧਰ ’ਤੇ ਹੋਈ ਸੈਂਪਲਿੰਗ ਅਤੇ ਉਨ੍ਹਾਂ ਦੇ ਡਾਟੇ ਨੇ ਇਸ ਸੈੱਲ ਦੀ ਜ਼ਿੰਮੇਂਵਾਰੀ ਹੋਰ ਵੀ ਵਧਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਦੀ ਅਗਵਾਈ ’ਚ ਸੈੱਲ ਵੱਲੋਂ ਜਿੱਥੇ ਪਿੰਡ ਪੱਧਰ ’ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਦੇ ਸਹਿਯੋਗ ਨਾਲ ਪਿੰਡਾਂ ’ਚ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ’ਤੇ ਆਧਾਰਿਤ ਵਿਦੇਸ਼ ਤੋਂ ਮੁੜੇ ਯਾਤਰੀਆਂ ਨਾਲ ਤਾਲ ਮੇਲ ਬਣਾਇਆ ਜਾ ਰਿਹਾ ਹੈ, ਉੱਥੇ ਇਸ ਤਾਲਮੇਲ ਦੌਰਾਨ ਕਿਸੇ ਵੀ ਵਿਦੇਸ਼ ਤੋਂ ਪਰਤੇ ਜਾਂ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੇ ਸੰਪਰਕ ’ਚ ਆਏ ਵਿਅਕਤੀਆਂ ’ਚ ਕੋਰੋਨਾ ਦੇ ਲੱਛਣ ਪਾਏ ਜਾਣ ’ਤੇ ਉਨ੍ਹਾਂ ਦੇ ਟੈਸਟ ਕਰਵਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਡਾ. ਸ਼ਿਆਮਾ ਵੇਦਾ ਅਨੁਸਾਰ ਆਮ ਦਿਨਾਂ ’ਚ ਉਨ੍ਹਾਂ ਦੋਵਾਂ ਐਪੀਡੋਮੋਲੋਜਿਸਟਾਂ ਦਾ ਕੰਮ ਕਰਮਵਾਰ ਆਈ ਡੀ ਐਸ ਪੀ (ਫਲੂ) ਆਦਿ ਅਤੇ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਜਾਗਰੂਕਤਾ ਤੇ ਰੋਕਥਾਮ ਕਰਨਾ ਹੁੰਦਾ ਹੈ ਪਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਉਹ ਦੋਵੇਂ ਐਪੀਡੋਮੋਲੋਜਿਸਟ ਸਾਂਝੇ ਤੌਰ ’ਤੇ ਇਸੇ ਪਾਸੇ ਕੰਮ ਕਰ ਰਹੇ ਹਨ।
ਉਹ ਦੱਸਦੇ ਹਨ ਕਿ ਸਟੇਟ ਆਈ ਡੀ ਐਸ ਪੀ ਸੈੱਲ ਪਾਸੋਂ ਰਿਜ਼ਲਟਾਂ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਉਸ ਨੂੰ ਤੁਰੰਤ ਸਿਵਲ ਸਰਜਨ ਨੂੰ ਦਿਖਾਇਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਮਨਜੂਰ ਕਰਨ ਬਾਅਦ ਬਾਕੀ ਟੀਮਾਂ ਤੱਕ ਇਸ ਦੀ ਸੂਚਨਾ ਭੇਜੀ ਜਾਂਦੀ ਹੈ।
ਸੈੱਲ ਵੱਲੋਂ ਸੈਂਪਲਿੰਗ ਕਰ ਰਹੀਆਂ ਟੀਮਾਂ ਨੂੰ ਜਿੱਥੇ ਵੱਖ-ਵੱਖ ਥਾਂਵਾਂ ’ਤੇ ਜਾਣ ਲਈ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਦੱਸਿਆ ਜਾਂਦਾ ਹੈ ਉੱਥੇ ਸੈਂਪਲਿੰਗ ਹੋਣ ਬਾਅਦ ਉਸ ਨੂੰ ਸਬੰਧਤ ਮੈਡੀਕਲ ਸੰਸਥਾ ’ਚ ਜਾਂਚ ਲਈ ਵੀ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਡਾ. ਜਗਦੀਪ ਅਨੁਸਾਰ ਸੈਂਪਲਿੰਗ ਟੀਮ ’ਚ ਮੁੱਖ ਤੌਰ ’ਤੇ ਨੱਕ, ਕੰਨ ਤੇ ਗਲੇ ਦੇ ਰੋਗਾਂ ਤੇ ਮਾਹਿਰ/ਮੈਡੀਕਲ ਸਪੈਸ਼ਲਿਸਟ, ਮਾਈਕ੍ਰੋਬਾਇਓਲੋਜਿਸਟ/ਮੈਡੀਕਲ ਲੈਬ ਟੈਕਨੋਲੋਜਿਸਟ ਅਤੇ ਸਹਾਇਕ ਕਰਮਚਾਰੀ ਸ਼ਾਮਿਲ ਹੁੰਦੇ ਹਨ। ਇਨ੍ਹਾਂ ਸੈਂਪਲਿੰਗ ਟੀਮਾਂ ਦੀ ਗਿਣਤੀ ਸੰਪਰਕ ਸੂਚੀ ਦੀ ਗਿਣਤੀ ਮੁਤਾਬਕ ਵਧਾਈ ਜਾਂ ਘਟਾਈ ਜਾਂਦੀ ਹੈ।
ਆਈ ਡੀ ਐਸ ਪੀ ਸੈੱਲ ਨਾਲ ਹੀ ਵਿਦੇਸ਼ੋਂ ਪਰਤੇ ਯਾਤਰੀਆਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਦੀ ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸੀ ਡੀ ਪੀ ਓਜ਼ ਰਾਹੀਂ ਨਿਗਰਾਨੀ ਕਰ ਰਹੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ (ਸਾਬਕਾ ਫੈਲੋ ਵਿਸ਼ਵ ਸਿਹਤ ਸੰਸਥਾ) ਕਿ ਫ਼ੀਲਡ ’ਚ ਕੰਮ ਕਰ ਰਹੀਆਂ ਟੀਮਾਂ ਵੱਲੋਂ ਵਿਦੇਸ਼ ਤੋਂ ਪਰਤੇ ਜਾਂ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਪਾਸੋਂ ਪਿਛਲੇ 10 ਦਿਨਾਂ ’ਚ 104 ’ਤੇ ਬੁਖਾਰ ਹੋਣ, ਸੁੱਕੀ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਬਾਰੇ ਰੋਜ਼ਾਨਾ ਪੁੱਛਿਆ ਜਾ ਰਿਹਾ ਹੈ। ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਉਸ ਬਾਰੇ ਤੁਰੰਤ ਫ਼ੀਲਡ ’ਚ ਤਾਇਨਾਤ 25 ਆਰ ਆਰ ਟੀ ਟੀਮਾਂ ’ਚੋਂ ਸਬੰਧਤ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ, ਜਿਸ ਵੱਲੋਂ ਸਬੰਧਤ ਵਿਅਕਤੀ ਦਾ ਨਿਰੀਖਣ ਕਰਕੇ ਸੈਂਪਲ ਦੀ ਲੋੜ ਜਾਂ ਨਾ ਲੋੜ ਹੋਣ ਬਾਰੇ ਦੱਸਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਫ਼ੀਲਡ ’ਚੋਂ ਹੁਣ ਤੱਕ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨਾਲ ਸੰਪਰਕ ਦੌਰਨ ਉਨ੍ਹਾਂ ਦੇ ਵਿਦੇਸ਼ ਤੋਂ ਪਰਤਣ ਦੀ ਮਿਤੀ, ਇਸ ਦੌਰਾਨ ਤੇਜ਼ ਬੁਖਾਰ, ਸੁੱਕੀ ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਹੋਣ ਬਾਰੇ ਪੁੱਛਣ ਬਾਅਦ ਉਨ੍ਹਾਂ ਨੂੰ 14 ਦਿਨ ਤੱਕ ਘਰ ਰਹਿਣ ਦੀ ਹਦਾਇਤ ਦੇਣ ਬਾਅਦ, ਘਰ ਦੇ ਬਾਹਰ ਕੁਆਰਨਟਾਈਨ ਦਾ ਸਟਿੱਕਰ ਚਿਪਕਾਇਆ ਜਾਂਦਾ ਹੈ।
ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 361 ਸੈਂਪਲਾਂ ’ਚੋਂ 309 ਨੈਗੇਟਿਵ ਆ ਚੁੱਕੇ ਹਨ ਜਦਕਿ 30 ਦੀ ਰਿਪੋਰਟ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਸੈਂਪਲ 19 ’ਤੇ ਹੀ ਖ੍ਹੜੇ ਹਨ ਅਤੇ ਇਨ੍ਹਾਂ ਰਿਪੋਰਟਾਂ ’ਚ ਕੋਈ ਨਵਾਂ ਕੇਸ ਨਹੀਂ ਆਇਆ।