ਨਯਾਗਾਓਂ ਦੇ 60 ਸਾਲਾ ਵਿਅਕਤੀ ਨੂੰ ਪੀਜੀਆਈ ਵਿਚ ਦਾਖਲਾ ਕਰਵਾਇਆ
ਐਸ ਏ ਐਸ ਨਗਰ, 30 ਮਾਰਚ 2020: ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਕੋਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ।
ਨਯਾਗਾਓਂ ਵਾਸੀ ਓਮ ਪ੍ਰਕਾਸ਼ ਨਾਮੀ ਵਿਅਕਤੀ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਉਸ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਮਾਰੀ ਨੂੰ ਰੋਕਣ, ਇਸ ਦੀ ਲੜੀ ਨੂੰ ਤੋੜਨ ਅਤੇ ਇਸ ਨੂੰ ਨਵੇਂ ਖੇਤਰਾਂ ਵਿੱਚ ਫੈਲਣ ਤੋਂ ਰੋਕਣ ਲਈ ਕਲੱਸਟਰ ਕੰਟੇਨਮੈਂਟ ਰਣਨੀਤੀ ਅਪਣਾਈ ਗਈ ਹੈ।
ਇਸ ਵਿੱਚ ਭੂਗੋਲਿਕ ਖੇਤਰ ਨੂੰ ਅਲੱਗ ਰੱਖਣ ਵਿੱਚ ਅਣਚਾਹੀ ਆਮਦ ਦੇ ਨਾਲ ਨਾਲ ਕੰਟੇਨਮੈਂਟ ਜ਼ੋਨ ਤੋਂ ਲੋਕਾਂ ਦੀ ਆਵਾਜਾਈ ਨੂੰ ਰੋਕਣਾ, ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਉਣ, ਸਮਾਜਕ ਦੂਰੀਆਂ ਵਾਲੇ ਉਪਾਅ, ਸਰਗਰਮ ਨਿਗਰਾਨੀ ਵਧਾਉਣ, ਸਾਰੇ ਸ਼ੱਕੀ ਮਾਮਲਿਆਂ ਦੀ ਜਾਂਚ ਕਰਨਾ ਅਤੇ ਰੋਕਥਾਮ ਵਾਲੇ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਕੇ ਸਮਾਜਕ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹੈ।
ਜਿਵੇਂ ਕਿ ਹੁਣ ਦਸ਼ਮੇਸ਼ ਨਗਰ ਖੇਤਰ ਕੰਜਮੈਂਟ ਜ਼ੋਨ ਹੈ ਜਿਸ ਵਿੱਚ ਜੁਝਾਰ ਨਗਰ ਅਤੇ ਆਦਰਸ਼ ਨਗਰ ਦੇ ਕੁਝ ਖੇਤਰ ਸ਼ਾਮਲ ਹਨ ਜੋ ਕੰਟੇਨਮੈਂਟ ਜ਼ੋਨ ਦੇ ਘੇਰੇ ਵਿੱਚ ਹਨ।
ਇਹ ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਦੇ ਕੁੱਲ 699 ਵਿਅਕਤੀਆਂ ਦੀ ਕੁਆਰੰਟਾਈਨ ਮਿਆਦ ਖਤਮ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਲਾਵਾ ਅਫਵਾਹਾਂ 'ਤੇ ਕੋਈ ਧਿਆਨ ਨਾ ਦੇਣ।