ਅਸ਼ੋਕ ਵਰਮਾ
ਬਠਿੰਡਾ,30 ਮਾਰਚ 2020: ਸੰਸਾਰ ਪੱਧਰ ਤੇ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਪੀੜਤ ਲੋੜਵੰਦਾਂ ਦੀ ਮਦਦ ਲਈ ਲੇਖਕਾਂ ਨੇ ਵੀ ਪੈਰ ਅੱਗੇ ਵਧਾਇਆ ਹੈ। ਇਸ ਕੰਮ ਲਈ ਇੱਕੀ ਹਜ਼ਾਰ ਰੁ: ਦਾ ਚੈਕ ਅੱਜ ਲੇਖਕਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਸੋਂਪਿਆ ਗਿਆ।ਪੰੰਜਾਬੀ ਸਾਹਿਤ ਸਭਾ (ਰਜ਼ਿ:) ਬਠਿੰਡਾ ਦੇ ਲੇਖਕ ਤੇ ਸਭਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ, ਮੁੱਖ ਸਰਪਰਸਤ ਡਾ: ਅਜੀਤਪਾਲ ਸਿੰਘ, ਮੁੱਖ ਸਲਾਹਕਾਰ ਡਾ: ਸਤਨਾਮ ਸਿੰਘ ਜੱਸਲ, ਸਲਾਹਕਾਰ ਸ. ਅਮਰਜੀਤ ਸਿੰਘ ਪੇਂਟਰ, ਪਿ੍ਰੰਸੀਪਲ ਜਗਮੇਲ ਜਠੋਲ, ਜਨਰਲ ਸਕੱਤਰ ਭੁਪਿੰਦਰ ਸੰਧੂ ਅਤੇ ਮੀਤ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਹਰੜ ਦੀ ਅਗਵਾਈ ਵਿੱਚ ਵਫਦ ਅੱਜ ਕਮਿਸ਼ਨਰ ਨੂੰ ਮਿਲਿਆ ਅਤੇ ਚੈਕ ਦਿੱਤਾ। ਸਭਾ ਦੇ ਪ੍ਰਚਾਰ ਸਕੱਤਰ ਨਵਪ੍ਰੀਤ ਸਿੰਘ ਮਛਾਣਾ ਨੇ ਦੱਸਿਆ ਹੈ ਕਿ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਨੇ ਮਹਿਸੂਸ ਕੀਤਾ ਹੈ ਕਿ ਲੇਖਕ ਵਰਗ ਆਪਣੀਆਂ ਲਿਖਤਾਂ ਰਾਹੀਂ ਵੀ ਕਈਪ੍ਰਕਾਰ ਦੀਆਂ ਸਮਾਜਿਕ ਕੁਰੀਤੀਆਂ ,ਆਰਥਿਕ ਅਸਮਾਨਤਾਵਾਂ ਬਾਰੇ ਨਿਤਾਣਿਆਂ, ਨਿਮਾਣਿਆਂ ਅਤੇ ਸਾਧਨਹੀਣ ਲੋਕਾਂ ਲਈ ਅਵਾਜ਼ ਬੁਲੰਦ ਕਰਦੇ ਹਨ। ਉਨਾਂ ਕਿਹਾ ਕਿ ਲੇਖਕਾਂ ਨੂੰ ਅਜਿਹੇ ਸੰਕਟ ਦੇ ਮੌਕੇ ਅਮਲੀ ਤੌਰ ਤੇ ਖੁਦ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ । ਮਛਾਣਾ ਅਨੁਸਾਰ ਇਸ ਮੌਕੇ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ , ਜੋ ਖੁਦ ਇੱਕ ਪਾਠਕ ਹਨ ਲੇਖਕਾਂ ਦੇ ਇਸ ਯਤਨ ਦੀ ਭਰਪੂਰ ਪ੍ਰਸ਼ੰਸਾ ਕੀਤੀ ।ਡਾ: ਅਜੀਤ ਪਾਲ ਸਿੰਘ ਅਤੇ ਸੁਖਦਰਸ਼ਨ ਗਰਗ ਨੇ ਕਿਹਾ ਹੈ ਕਿ ਉਹ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ “ ਕਿਰਤ ਕਰੇ ਅਤੇ ਵੰਡ ਛਕੋ” ਦੇ ਆਰਦਸ਼ ਅਤੇ ਉਨਾਂ ਵੱਲੋਂ ਦਿਖਾਏ ਮਾਨਵਤਾਂ ਵਾਦੀ ਰਾਹ ਤੇ ਚੱਲਣ ਦੀ ਕੋਸ਼ਿਸ ਕਰਦਿਆਂ ਹੌਰ ਸਹਾਇਤਾ ਵੀ ਕਰਨ ਦੀ ਕੋਸ਼ਿਸ਼ ਕਰਨਗੇ। ਇੰਨਾਂ ਲੇਖਕਾਂ ਨੇ ਸ੍ਰੀ ਸ਼ੇਰਗਿੱਲ ਨੂੰ ਕੁਝ ਬਸਤੀਆਂ ਬਾਰੇ ਵੀ ਦੱਸਿਆ ਜਿੱਥੇ ਰਾਹਤ ਸਮੱਗਰੀ ਪਹੁੰਚਾਉਣ ਦੀ ਤੁਰੰਤ ਜਰੂਰਤ ਹੈ । ਉਨਾਂਠ ਦੱਸਿਆ ਕਿ ਲੇਖਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਇੰਨਾਂ ਬਸਤੀਆਂ ’ਚ ਲੋਕਾਂ ਦੀ ਸਹਾਇਤਾ ਕਰਨ ਦੇ ਹੁਕਮ ਦਿੱਤੇ ਹਨ।