ਰਜਨੀਸ਼ ਸਰੀਨ
- ਜ਼ਿਲ੍ਹੇ ਦੀ ਵੈਬਸਾਈਟ ’ਤੇ ਆਨਲਾਈਨ ਫ਼ਾਰਮ ਭਰ ਕੇ ਦੱਸੀ ਜਾ ਸਕਦੀ ਹੈ ਦਿਲਚਸਪੀ
- ਜਿਨ੍ਹਾਂ ਥਾਂਵਾਂ ’ਤੇ ਮੱਦਦ ਦੀ ਲੋੜ, ਉਨ੍ਹਾਂ ਦੀ ਸੂਚੀ ਵੀ ਉਪਲਬਧ
ਨਵਾਂਸ਼ਹਿਰ, 31 ਮਾਰਚ 2020 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਰੋਕਥਾਮ ਦੇ ਚਲਦਿਆਂ ਕਰਫ਼ਿਊ ਦੌਰਾਨ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੱਖ-ਵੱਖ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਹਰ ਇੱਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਅੱਜ ‘ਨੋ ਵਨ ਸਲੀਪ ਹੰਗਰੀ’ (ਕੋਈ ਨਾ ਸੋਵੇਂ ਭੁੱਖਾ) ਪ੍ਰੋਗਰਾਮ ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਐਸ ਐਸ ਪੀ ਅਲਕਾ ਮੀਨਾ ਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਇਸ ਪ੍ਰੋਗਰਾਮ ਨੂੰ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਗਰੌਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੱਡੀ ਪੱਧਰ ’ਤੇ ਲੋਕਾਂ ’ਚ ਜੋਸ਼ ਨੂੰ ਦੇਖਦੇ ਹੋਏ, ਉਨ੍ਹਾਂ ਦੇ ਕੰਮ ਨੂੰ ਤਰਤੀਬ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਜ਼ਿਲ੍ਹੇ ’ਚ ਚੱਲ ਰਹੀ ਸੇਵਾ ਦੌਰਾਨ ਕਈ ਵਾਰ ਇੱਕੋ ਪਰਿਵਾਰ ਕੋਲ ਦੋ ਜਾਂ ਤਿੰਨ ਵਾਰ ਮੱਦਦ ਪੁੱਜ ਜਾਂਦੀ ਹੈ ਅਤੇ ਕਿਸੇ ਕੋਲ ਇੱਕ ਵਾਰ ਵੀ ਨਹੀਂ ਪੱੁਜਦੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਵੈਬਸਾਈਟ ਨਵਾਂਸ਼ਹਿਰ ਡੋਟ ਐਨ ਆਈ ਸੀ ਡੋਟ ਇੰਨ ’ਤੇ ਮੌਜੂਦ ਇਸ ਪ੍ਰੋਗਰਾਮ ਦੇ ਲਿੰਕ ’ਤੇ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਦਾਨੀ ਸੱਜਣ ਲਾਗ ਇੰਨ ਕਰਕੇ ਆਪਣੀ ਦਿਲਚਸਪੀ ਦਾ ਆਨਲਾਈਨ ਫ਼ਾਰਮ ਭਰ ਸਕਦਾ ਹੈ। ਉਸ ਨੂੰ ਫ਼ਾਰਮ ਭਰਨ ਦੌਰਾਨ ਵੈਬਸਾਈਟ ’ਤੇ ਮੌਜੂਦ ਲੋੜੀਂਦੀਆਂ ਮੱਦਦ ਵਾਲੀਆਂ ਥਾਂਵਾਂ ’ਚੋਂ ਕਿਸੇ ਇੱਕ ਜਾਂ ਵਧੇਰੇ ਬਾਰੇ ਦੱਸਣਾ ਵੀ ਪਵੇਗਾ ਕਿ ਕਿਸ ਇਲਾਕੇ ’ਚ ਇਨ੍ਹਾਂ ਲੋਕਾਂ ਦੀ ਮੱਦਦ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਸ ਨੂੰ ਆਨਲਾਈਨ ਫ਼ਾਰਮ ’ਚ ਰਾਸ਼ਨ ਪੈਕੇਟ, ਪਕਾਏ ਖਾਣੇ, ਦੁੱਧ, ਫ਼ਲ, ਮਾਸਕ/ਸੈਨੇਟਾਈਜ਼ਰ, ਸਬਜ਼ੀਆਂ ਜਾਂ ਹੋਰ ਸਮਾਨ ਬਾਰੇ ਦੱਸਣਾ ਵੀ ਪਵੇਗਾ ਕਿ ਉਹ ਕਿਹੜੀ ਚੀਜ਼ ਵੰਡਣਾ ਚਾਹੁੰਦਾ ਹੈ। ਉਸ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਇਸ ਸੇਵਾ ਕਿੰਨੇ ਅੰਤਰਾਲ ਵਾਸਤੇ ਕਰਨਾ ਚਾਹੁੰਦਾ ਹੈ, ਮਸਲਨ ਕਿੰਨੇ ਦਿਨ ਬਾਅਦ ਦੁਬਾਰਾ ਜਾਂ ਇੱਕੋ ਵਾਰ। ਇਹ ਸਾਰੀ ਜਾਣਕਾਰੀ ਭਰਨ ਬਾਅਦ ਉਸ ਨੂੰ ‘ਸਬਮਿਟ’ ਬਟਨ ਦੱਬਣਾ ਪਵੇਗਾ ਤੇ ਇਹ ਫ਼ਾਰਮ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜ ਜਾਵੇਗਾ।
ਸਹਾਇਕ ਕਮਿਸ਼ਨਰ ਦੀਪਜੋਤ ਕੌਰ ਜੋ ਕਿ ‘ਨੋ ਵਨ ਸਲੀਪ ਹੰਗਰੀ’ (ਕੋਈ ਨਾ ਸੋਵੇਂ ਭੁੱਖਾ) ਪ੍ਰੋਗਰਾਮ ਦੇ ਇੰਚਾਰਜ ਬਣਾਏ ਗਏ ਹਨ, ਨੇ ਦੱਸਿਆ ਕਿ ਸੰਸਥਾ ਜਾਂ ਦਾਨੀ ਸੱਜਣ ਵੱਲੋਂ ‘ਸਬਮਿਟ’ ਕੀਤੇ ਜਾਣ ਬਾਅਦ ਉਹ ਇਸ ਨੂੰ ਸਬੰਧਤ ਐਸ ਡੀ ਐਮ ਕੋਲ ਭੇਜਣਗੇ, ਜਿਨ੍ਹਾਂ ਵੱਲੋਂ ਸਬੰਧਤ ਸੰਸਥਾ/ਵਿਅਕਤੀ ਨੂੰ ਫ਼ੋਨ ਕਰਕੇ ਮਨਜੂਰੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਬਣਾਉਣ ’ਚ ਗੁਰੂ ਰਾਮ ਦਾਸ ਗਰੁੱਪ ਵਿਦਿਅਕ ਸੰਸਥਾਂਵਾਂ ਦੇ ਚੇਅਰਮੈਨ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਤੇ ਹਰਪ੍ਰੀਤ ਸਿੰਘ ਚੇਅਰਮੈਨ ਜੀ ਆਰ ਡੀ ਵੀ ਮੌਜੂਦ ਸਨ।