ਅਸ਼ੋਕ ਵਰਮਾ
- ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੇ ਦੋਸ਼ ਨਕਾਰੇ
ਬਠਿੰਡਾ, 31 ਮਾਰਚ 2020 - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਗਰੀਬ ਲੋੜਵੰਦ ਪ੍ਰੀਵਾਰਾਂ ਨੂੰ ਵੰਡੇ ਜਾ ਰਹੇ ਸਮਾਨ ਦੇ ਮਾਮਲੇ ’ਚ ਸਿਆਸੀ ਇਲਜਾਮਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂਆਂ ਨੇ ਬਠਿੰਡਾ ਕਾਂਗਰਸ ਤੇ ਸਿਆਸੀ ਤੌਰ ਤੇ ਪੱਖਪਾਤ ਦੇ ਦੋਸ਼ ਲਾਏ ਹਨ ਜਿੰਨਾਂ ਨੂੰ ਕਾਂਗਰਸ ਦੇ ਸ਼ਹਿਰੀ ਜਿਲਾ ਪ੍ਰਧਾਨ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਸਾਬਕਾ ਅਕਾਲੀ ਕੌਂਸਲਰ ਗੁਰਸੇਵਕ ਮਾਨ ਦਾ ਕਹਿਣਾ ਸੀ ਕਿ ਉਹ ਗਰੀਬ ਤੇ ਲੋੜਵੰਦ ਪ੍ਰੀਵਾਰਾਂ ਦਦਦੀ ਸਹਾਇਤਾ ਲਈ ਰਾਸ਼ਨ ਅਤੇ ਖਾਣਾ ਵੰਡਣਾ ਚਾਹੁੰਦੇ ਹਨ ਪਰ ਪ੍ਰਸ਼ਾਸ਼ਨ ਉਨਾਂ ਨੂੰ ਕਰਫਿਊ ਪਾਸ ਨਹੀਂ ਜਾਰੀ ਕਰ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਥਿਤੀ ਦਾ ਸਭ ਤੋਂ ਵੱਧ ਖਮਿਆਜਾ ਗਰੀਬ ਪ੍ਰੀਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਸਾਬਕਾ ਅਕਾਲੀ ਕੌਂਸਲਰ ਗੁਰਸੇਵਕ ਮਾਨ ਨੇ ਤਾਂ ਫੇਸਬੁੱਕ ਤੇ ਪੋਸਟ ਵੀ ਪਾਈ ਹੈ ਕਿ ਜੇਕਰ ਉਹ ਆਪਣੇ ਵਾਰਡ ਦੇ ਗਰੀਬ ਪ੍ਰੀਵਾਰਾਂ ਨੂੰ ਰੋਟੀ ਖੁਆਉਣ ’ਚ ਅਸਮਰੱਥ ਰਹਿੰਦੇ ਹਨ ਤਾਂ ਉਨਾਂ ਤੇ ਪੁਲਿਸ ਕੇਸ ਦਰਜ ਕਰ ਦਿੱਤਾ ਜਾਏ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਕੋਲ ਵੀ ਗੁਹਾਰ ਲਾਈ ਪਰ ਮਸਲਾ ਹੱਲ ਨਹੀਂ ਹੋਇਆ ਹੈ। ਸ੍ਰੀ ਮਾਨ ਨੇ ਦੱਸਿਆ ਕਿ ਉਨਾਂ ਦੇ ਵਾਰਡ ’ਚ ਅਕਾਲੀ ਦਲ ਦਾ ਕੌਂਸਅਰ ਰਿਹਾ ਹੋਣ ਕਰਕੇ ਕਾਂਗਰਸੀ ਨੇਤਾ ਮਾਮਲੇ ਨੂੰ ਸਿਆਸੀ ਰੰਗਤ ਦੇਣ ਲੱਗੇ ਹਨ। ਉਨਾਂ ਕੁੱਝ ਫੋਟੋਆਂ ਜਾਰੀ ਕਰਕੇ ਦੱਸਿਆ ਕਿ ਇਹ ਲੋਕ ਉਨਾਂ ਕੋਲ ਸਹਾਇਤਾ ਲਈ ਆਏ ਸਨ ਪਰ ਉਹ ਕੋਈ ਮੱਦਦ ਕਰਨ ਤੋਂ ਅਸਮਰੱਥ ਹਨ।
ਇਸੇ ਤਰਾਂ ਹੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ‘ਮੈਨੂੰ ਗਰੀਬਾਂ ਦੇ ਹਾਲਾਤ ਦੇਖ ਕੇ ਤਰਸ ਵੀ ਆ ਰਿਹਾ ਤੇ ਸੱਤਾਧਾਰੀ ਧਿਰ ਦੇ ਰਵਈਏ ਤੋਂ ਦੁਖੀ ਹਨ ਜੋ ਅਜਿਹੇ ਸਮੇਂ ’ਚ ਸਿਆਸਤ ਤੋਂ ਬਾਜ਼ ਨਹੀਂ ਆ ਰਹੇ ਹਨ। ਉਨਾਂ ਕਿਹਾ ਕਿ ਇਹ ਲੋਕ ਸਿਰਫ਼ ਫੋਟੋ ਖਿਚਵਾਉਣ ਤੱਕ ਸੀਮਤ ਹਨ ਅਤੇ ਸਰਕਾਰੀ ਰਾਸ਼ਨ ਨੂੰ ਕਾਂਗਰਸ ਦਾ ਰਾਸ਼ਨ ਬਣਾਉਣਾ ਚ ਜ਼ੋਰ ਲੱਗ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਅੱਜ ਵੀ 90 ਫੀਸਦੀ ਗ਼ਰੀਬ ਲੋਕ ਰਾਸ਼ਨ ਅਤੇ ਸਹਾਇਤਾ ਤੋਂ ਵਾਂਝੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਵੀ ਮੁਹੱਲਾ ਪੱਧਰ ਤੇ ਲੋਕਾਂ ਦੀ ਸੇਵਾ ਚ ਰਾਤ ਦਿਨ ਲੱਗੇ ਹੋਏ ਹ2 ਅਤੇ ਜਿੱਥੇ ਕਿਤੇ ਵੀ ਕੋਈ ਦਿੱਕਤ ਦੀ ਖ਼ਬਰ ਮਿਲਦੀ ਹੈ ਤਾਂ ਪਹੁੰਚ ਬਣਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਸ੍ਰੀ ਸਿੰਗਲਾ ਨੇ ਵੀ ਪਾਸ ਜਾਰੀ ਕਰਨ ’ਚ ਵਿਤਕਰਾ ਕਰਨ ਅਤੇ ਅਕਾਲੀ ਦਲ ਦੇ ਵਰਕਰ ਆਪਣੀ ਜਿੰਮੇਵਾਰੀ ਕਾਨੂੰਨ ਦੇ ਦਾਇਰੇੇ ਚ ਰਹਿਕੇ ਨਿਭਾਉਣ ਦੀ ਕੋਸ਼ਿਸ਼ ਦੀ ਗੱਲ ਵੀ ਆਖੀ। ਉਨਾਂ ਸਮਰੱਥ ਲੋਕਾਂ ਨੂੰ ਆਪਣੇ ਆਸ ਪਾਸ ਵੱਸਦੇ ਲੋੜਵੰਦ ਪ੍ਰੀਵਾਰਾਂ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ ਕਿਉਂਕਿ ਮਨੁੱਖਤਾ ਦੀ ਸੇਵਾ ਸਭ ਵੱਡਾ ਧਰਮ ਹੈ।‘
ਕੋਈ ਸਿਆਸੀ ਵਿਤਕਰਾ ਨਹੀਂ: ਪ੍ਰਧਾਨ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ ਦਾ ਕਹਿਣਾ ਸੀ ਕਿ ਇਸ ਔਖੀ ਘੜੀ ਦੌਰਾਨ ਅਜਿਹਾ ਕਰਨਾ ਤਾਂ ਦੂਰ ਸੋਚਣਾ ਵੀ ਪਾਪ ਹੈ। ਉਨਾਂ ਕਿਹਾ ਕਿ ਸਿਆਸੀ ਤੌਰ ਤੇ ਵਿਤਕਰੇ ਵਾਲੀ ਗੱਲ ਸਹੀ ਨਹੀਂ ਹੈ। ਉਨਾਂ ਆਖਿਆ ਕਿ ਇਸ ਵੇਲੇ ਜੇਕਰ ਕੋਈ ਵੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਨਿਯਮਾਂ ਦੇ ਦਾਇਰੇ ’ਚ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਰਿਹਾ ਹੈ। ਉਨਾਂ ਸਵਾਲ ਕੀਤਾ ਕਿ ਕੀ ਸਰੂਪ ਚੰਦ ਸਿੰਗਲਾ ਜਾਂ ਕੌਂਸਲਰ ਗੁਰਸੇਵਕ ਮਾਨ ਨੂੰ ਰਾਸ਼ਨ ਵੰਡਣ ਲਈ ਪਾਸ ਦੀ ਜਰੂਰਤ ਹੈ।
ਸਿਆਸਤ ਦੀ ਭੇਂਟ ਚੜਿਆ ਵੰਡ ਵੰਡਾਰਾ:ਸਿੰਗਲਾ
ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ ’ਚ ਵੰਡਿਆ ਜਾਣ ਵਾਲਾ ਰਾਸ਼ਨ ਕਾਂਗਰਸ ਦੇ ਆਗੂਆਂ ਦੀ ਭੇਂਟ ਚੜ ਗਿਆ ਹੈ । ਉਨਾਂ ਆਖਿਆ ਕਿ ਕਾਂਗਰਸ ਸਿਆਸੀ ਲਾਹੇ ਖਾਤਰ ਰਾਸ਼ਨ ਵੰਡਣ ਦਾ ਪ੍ਰਚਾਰ ਕਰਦੀ ਹੈ ਪਰ ਇਹ ਨਹੀਂ ਦੇਖਦੀ ਕਿ ਲੋੜਵੰਦਾਂ ਨੂੰ ਦਿੱਕਤਾਂ ਆ ਰਹੀਆਂ ਹਨ। ਸ੍ਰ੍ਰ੍ਰੀ ਸਿੰਗਲਾ ਨੇ ਕਿ ਸਿਆਸੀ ਲਾਹੇ ਖਾਤਰ ਹੀ ਹਾਕਮ ਧਿਰ ਦੇ ਸਥਾਨਕ ਪੱਧਰ ਦੇ ਲੀਡਰਾਂ ਵੱਲੋਂ ਗਰੀਬ ਪ੍ਰੀਵਾਰਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਜੋਕਿ ਚਿੰੰਤਾਜਨਕ ਹੈ।
ਡਿਪਟੀ ਕਮਿਸ਼ਨਰ ਨੇ ਫੋਨ ਨਹੀਂ ਚੁੱਕਿਆ
ਅਕਾਲੀ ਆਗੂਆਂ ਵੱਲੋਂ ਕਰਫਿਊ ਬਨਾਉਣ ’ਚ ਵਿਤਕਰੇਬਾਜੀ ਦੇ ਲਾਏ ਦੋਸ਼ਾਂ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਫੋਨ ਨਹੀਂ ਚੁੱਕਿਆ।