ਅਸ਼ੋਕ ਵਰਮਾ
- ਲੇਬਰ ਸਮਾਜਿਕ ਦੂਰੀ ਦਾ ਖਿਆਲ ਰੱਖੇ ਅਤੇ 10 ਤੋਂ ਵੱਧ ਵਿਅਕਤੀ ਇਕੱਠੇ ਨਾ ਹੋਣ: ਜ਼ਿਲ੍ਹਾ ਮੈਜਿਸਟਰੇਟ
ਮਾਨਸਾ, 31 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਹਾੜ੍ਹੀ ਸੀਜਨ 2020 ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਮਾਨਸਾ ਅੰਦਰ ਪੈਂਦੇ ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਦ ਕਰਨ ਸਬੰਧੀ ਮੁੱਢਲੇ ਪ੍ਰਬੰਧ ਕਰਵਾਉਣ ਅਤੇ ਖਰੀਦ ਕੇਂਦਰਾਂ ਦੇ ਫੜ੍ਹਾਂ ਤੇ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਠੇਕੇਦਾਰ ਅਤੇ ਉਸ ਦੀ ਲੇਬਰ ਨੂੰ ਕਰਫਿਊ ਤੋਂ ਛੋਟ ਦੇਣ ਦੇ ਆਦੇਸ਼ ਦਿੱਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ-19 (ਨੋਵਲ ਕੋਰੋਨਾ ਵਾਇਰਸ) ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਇਸ ਦਫ਼ਤਰ ਵੱਲੋਂ ਸਮੇਂ ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਇਹ ਵੀ ਹਦਾਇਤ ਕੀਤੀ ਹੈ ਕਿ ਲੇਬਰ ਆਪਸ ਵਿਚ ਘੱਟੋ ਘੱਟ 1.5 ਤੋਂ 2 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖੇਗੀ।
ਕਿਸੇ ਵੀ ਹਾਲਤ ਵਿਚ ਕੰਮ ਨੂੰ ਕਰਨ ਸਮੇਂ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇਕੱਠੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਦੇਸ਼ ਦਿੱਤਾ ਕਿ ਠੇਕੇਦਾਰ ਅਤੇ ਲੇਬਰ ਨੂੰ ਮੰਡੀਆਂ ਵਿਚ ਜਾਣ ਲਈ ਜ਼ਿਲ੍ਹਾ ਮੰਡੀ ਅਫ਼ਸਰ, ਮਾਨਸਾ ਵੱਲੋਂ ਪਾਸ ਜਾਰੀ ਕਰਵਾਏ ਜਾਣੇ ਯਕੀਨੀ ਬਣਾਏ ਜਾਣ।