ਬੈਂਕ ਕਰਮਚਾਰੀਆਂ ਨੂੰ ਬੈਂਕ ਆਈਡੀ ਵਿਖਾਕੇ ਸਿਰਫ ਕੰਮ ‘ਤੇ ਆਉਣ-ਜਾਣ ਜਾਂ ਅਧਿਕਾਰਤ ਬੈਂਕ ਡਿਊਟੀ ‘ਤੇ ਜਾਣ ਦੀ ਦਿੱਤੀ ਆਗਿਆ
ਕਿਸੇ ਵੀ ਹੋਰ ਕੰਮ ਲਈ ਆਈ.ਡੀ. ਦੀ ਵਰਤੋਂ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਐਸ ਏ ਐਸ ਨਗਰ, 31 ਮਾਰਚ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਯਾਲਨ ਨੇ ਅੱਜ ਜ਼ਿਲੇ ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰੱਖਣ ਦਾ ਹੁਕਮ ਜਾਰੀ ਕੀਤਾ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੈਂਕ, ਜਿਸ ਵਿੱਚ ਖਜ਼ਾਨਾ/ਮੁਦਰਾ ਦੇ ਨਾਲ ਸਬੰਧਿਤ ਕੰਮਕਾਜ ਵੀ ਸ਼ਾਮਲ ਹੈ, ਘੱਟੋ ਘੱਟ ਸਟਾਫ ਅਤੇ ਆਮ ਵਾਂਗ ਕੰਮ ਕਰਨਗੇ। ਇਹਨਾਂ ਨਿਰਦੇਸ਼ਾਂ ਨੂੰ ਸਬੰਧਤ ਬ੍ਰਾਂਚ ਮੈਨੇਜਰ ਵੱਲੋਂ ਯਕੀਨੀ ਬਣਾਇਆ ਜਾਏਗਾ।
ਹਾਲਾਂਕਿ, ਕੋਈ ਜਨਤਕ ਲੈਣ-ਦੇਣ ਦੀ ਆਗਿਆ ਨਹੀਂ ਹੋਵੇਗੀ। ਬੈਂਕ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਮੁਹੱਈਆ ਕਰਵਾਉਣ ਲਈ ਕਾਰਜਸ਼ੀਲ ਹੋਣਗੇ।
ਬੈਂਕ ਦੇ ਕਰਮਚਾਰੀਆਂ ਨੂੰ ਆਪਣੀ ਆਈ ਡੀ ਵਿਖਾਕੇ ਸਿਰਫ ਕੰਮ ‘ਤੇ ਜਾਣ ਅਤੇ ਵਾਪਸ ਆਉਣ ਅਤੇ ਆਪਣੀ ਅਧਿਕਾਰਤ ਬੈਂਕ ਡਿਊਟੀ' ਦੀ ਆਗਿਆ ਹੋਵੇਗੀ। ਕਿਸੇ ਵੀ ਹੋਰ ਕੰਮ ਲਈ ਆਈ.ਡੀ. ਦੀ ਵਰਤੋਂ ਕਰਕੇ ਬੈਂਕ ਕਰਮਚਾਰੀਆਂ ਦੁਆਰਾ ਕਰਫਿਊ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।