ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ , 31 ਮਾਰਚ 2020 - ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਲਈ, ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਲਈ ਇੱਕ ਸਪੈਸ਼ਲ ਹੈਲਪਲਾਈਨ ਨੰਬਰ 1800 180 4104 ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕ ਟੈਲੀ-ਕਾਨਫਰੰਸ 'ਤੇ ਸੀਨੀਅਰ ਡਾਕਟਰਾਂ ਦੇ ਨੈਟਵਰਕ ਨਾਲ ਜੁੜ ਕੇ ਕੋਵਿਡ -19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ। ਰਾਜ ਪੱਧਰ ਉਤੇ ਇਸ ਮੰਤਵ ਲਈ ਆਈ.ਐਮ.ਸੀ. ਦੁਆਰਾ 1800 ਤੋਂ ਵੱਧ ਸੀਨੀਅਰ ਡਾਕਟਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਸਦੇ ਪ੍ਰੋਟੋਕੋਲ ਅਤੇ ਕਾਰਜਕੁਸ਼ਲਤਾਵਾਂ ਬਾਰੇ ਨਿਯਮਤ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਉਕਤ ਹੈਲਪਲਾਈਨ ਦੀ ਵਰਤੋਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਐਮਰਜੈਂਸੀ ਡਾਕਟਰੀ ਸਹਾਇਤਾ ਲਈ ਮਾਮਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਪਹਿਲ ਦੇਣ ਲਈ ਇਕ ਇੰਟੈਲੀਜੈਂਟ ਕੋਰੋਨਾਵਾਇਰਸ ਟ੍ਰਾਈਜਿੰਗ ਸਿਸਟਮ ਵਿਕਸਤ ਕੀਤਾ ਗਿਆ ਹੈ। ਇਹ ਪ੍ਰਣਾਲੀ ਆਈਸੋਲੇਸ਼ਨ, ਘਰੇਲੂ ਕੁਆਰੰਟੀਨ ਅਤੇ ਉਹ ਲੋਕ ਜਿਨ੍ਹਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ, ਲਈ ਮਾਮਲਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਅਤੇ ਕਾਰਵਾਈ ਲਈ ਕੇਸ ਸਿਹਤ ਵਿਭਾਗ ਨੂੰ ਸੂਚਿਤ ਕੀਤੇ ਜਾਣਗੇ।
ਉਨਾਂ ਕਿਹਾ ਕਿ ਡਾਕਟਰਾਂ ਤੋਂ ਪੇਸ਼ੇਵਰ ਡਾਕਟਰੀ ਸਲਾਹ ਲੈਣ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਲੱਛਣਾਂ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਲੋੜ ਅਨੁਸਾਰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਕੰਮ ਸਕਣਗੇ। ਉਹਨਾਂ ਦੱਸਿਆ ਕਿ ਆਉਣ ਵਾਲੀਆਂ ਕਾਲਾਂ ਦਾ ਪਹਿਲਾਂ ਆਈ ਵੀ ਆਰ ਰਾਹੀਂ ਜਵਾਬ ਦਿੱਤਾ ਜਾਵੇਗਾ। ਇਹ ਆਈ ਵੀ ਆਰ ਲੋੜੀਂਦੀ ਸਹਾਇਤਾ ਦੇ ਅਧਾਰ 'ਤੇ ਕਾਲਾਂ ਨੂੰ ਫਿਲਟਰ ਕਰੇਗਾ ਅਤੇ ਕੋਵਿਡ ਜਾਂ ਸਿਹਤ ਸੰਬੰਧੀ ਹੋਰ ਮੁੱਦਿਆਂ ਬਾਰੇ ਡਾਕਟਰੀ ਸਲਾਹ ਦੀ ਲੋੜ ਹੋਣ ਦੇ ਮਾਮਲਿਆਂ ਵਿੱਚ ਵਧੇਰੇ ਜਾਣਕਾਰੀ ਜਿਵੇਂ ਕਿ ਹਾਲ ਹੀ ਵਿੱਚ ਕੀਤੀ ਗਈ ਯਾਤਰਾ ਅਤੇ ਲੱਛਣਾਂ ਸਬੰਧੀ ਜਾਣਕਾਰੀ ਹਾਸਲ ਕਰੇਗਾ। ਇਹ ਜਾਣਕਾਰੀ ਆਈ ਐਮ ਏ ਡਾਕਟਰਾਂ ਦੇ ਨੈਟਵਰਕ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਨਾਗਰਿਕ ਨੂੰ ਇੱਕ ਰਜਿਸਟਰਡ ਡਾਕਟਰ ਤੋਂ ਕਾਲ-ਬੈਕ ਆਵੇਗੀ, ਜੋ ਅੱਗੇ ਮਰੀਜ਼ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਕੇ ਇਲਾਜ, ਸਾਵਧਾਨੀਆਂ ਅਤੇ ਹੋਰ ਸਬੰਧਿਤ ਕਿਰਿਆਵਾਂ ਬਾਰੇ ਸਲਾਹ ਦੇਵੇਗਾ।