ਹਰਿੰਦਰ ਨਿੱਕਾ
- ਸ਼ਹਿਰਾਂ ਵਿਚ ਫਲ-ਸਬਜ਼ੀਆਂ ਦੇ ਰੇਟਾਂ ’ਤੇ ਬਾਜ਼ ਅੱਖ ਰੱਖਣਗੇ 6 ਉਡਣ ਦਸਤੇ
- ਰੋਜ਼ਾਨਾ ਪੱਧਰ ’ਤੇ ਤੈਅ ਕੀਤੇ ਜਾਂਦੇ ਹਨ ਫਲਾਂ-ਸਬਜ਼ੀਆਂ ਦੇ ਭਾਅ
- ਸ਼ਹਿਰਾਂ ਵਿਚ ਅਚਨਚੇਤੀ ਕੀਤੀ ਜਾਇਆ ਕਰੇਗੀ ਚੈਕਿੰਗ
ਬਰਨਾਲਾ, 31 ਮਾਰਚ 2020 - ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਜਿੱਥੇ ਕਰਫਿਊ ਲਾਗੂ ਹੈ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਵਸਤੂਆਂ ਜਿਵੇਂ ਫਲ, ਸਬਜ਼ੀਆਂ ਤੇ ਹੋਰ ਸਾਮਾਨ ਦੀ ਘਰ ਘਰ ਸਪਲਾਈ ਯਕੀਨੀ ਬਣਾਈ ਗਈ ਹੈ। ਇਸੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਫ਼ਲ ਸਬਜ਼ੀਆਂ ਦੀ ਵਿਕਰੀ ਨਿਰਧਾਰਿਤ ਰੇਟਾਂ ’ਤੇ ਯਕੀਨੀ ਬਣਾਉਣ ਲਈ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਬਰਨਾਲਾ/ਤਪਾ ਸ. ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਉਡਣ ਦਸਤੇ ਸ਼ਹਿਰਾਂ ਦੇ ਵੱਖ ਵੱਖ ਵਾਰਡਾਂ ਵਿੱਚ ਅਚਨਚੇਤ ਚੈਕਿੰਗ ਕਰਨਗੇ ਤਾਂ ਜੋ ਜ਼ਿਲਾ ਮੰਡੀ ਅਫ਼ਸਰ ਬਰਨਾਲਾ ਵੱਲੋਂ ਫਲ ਅਤੇ ਸਬਜ਼ੀਆਂ ਦੇ ਨਿਰਧਾਰਿਤ ਰੇਟਾਂ ਤੋਂ ਵੱਧ ਰੇਟ ’ਤੇ ਸਬਜ਼ੀਆਂ/ ਫ਼ਲ ਨਾ ਵੇਚੇ ਜਾ ਸਕਣ। ਬਰਨਾਲਾ ਨਾਲ ਸਬੰਧਤ ਉਡਣ ਦਸਤੇ ਵਿੱਚ ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਗੁਰਲਾਲ ਸਿੰਘ (98551-50082), ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਬਰਨਾਲਾ ਅੰਕੁਸ਼ ਸਿੰਗਲਾ (94634-62590) ਤੇ ਜੇ.ਈ. ਨਗਰ ਕੌਂਸਲ ਬਰਨਾਲਾ ਜਤਿੰਦਰ ਕੁਮਾਰ (94172-34729) ਹਨ। ਭਦੌੜ ਦੇ ਉਡਣ ਦਸਤੇ ਵਿੱਚ ਮਾਰਕੀਟ ਕਮੇਟੀ ਭਦੌੜ ਦੇ ਲੇਖਾਕਾਰ ਸੁਰਿੰਦਰ ਸਿੰਘ (93565-06517) ਤੇ ਨਗਰ ਕੌਂਸਲ ਭਦੌੜ ਦੇ ਕਲਰਕ ਜਸਵਿੰਦਰ ਸਿੰਘ (98722-73885) ਸ਼ਾਮਲ ਹਨ। ਧਨੋਲਾ ਦੇ ਉਡਣ ਦਸਤੇ ਵਿਚ ਮਾਰਕੀਟ ਕਮੇਟੀ ਧਨੌਲਾ ਦੇ ਮੰਡੀ ਸੁਪਰਵਾਇਜ਼ਰ ਸੁਖਰਾਜ ਸਿੰਘ (94177-40945) ਤੇ ਨਗਰ ਕੌਂਸਲ ਧਨੌਲਾ ਦੇ ਕਲਰਕ ਚੰਚਲ ਕੁਮਾਰ (78143-08845) ਸ਼ਾਮਲ ਹਨ।
ਤਪਾ ਦੇ ਉਡਣ ਦਸਤੇ ਵਿਚ ਮਾਰਕੀਟ ਕਮੇਟੀ ਤਪਾ ਦੇ ਸੁਪਰਡੈਂਟ ਮੱਖਣ ਸਿੰਘ (98725-97565) ਤੇ ਜੇ.ਈ. ਨਗਰ ਕੌਂਸਲ ਤਪਾ ਮੁਹੰਮਦ ਸਲੀਮ (98881-05666) ਸ਼ਾਮਲ ਹਨ। ਮਹਿਲ ਕਲਾਂ ਉਡਣ ਦਸਤੇ ਵਿਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸੁਪਰਵਾਇਜ਼ਰ ਹਰਜਿੰਦਰ ਸਿੰਘ (99150-89635) ਤੇ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਦੇ ਸੁਪਰਡੈਂਟ ਗੁਰਚੇਤ ਸਿੰਘ (99153-55056) ਸ਼ਾਮਲ ਹਨ। ਹੰਡਿਆਇਆ ਦੇ ਉਡਣ ਦਸਤੇ ’ਚ ਨਗਰ ਪੰਚਾਇਤ ਹੰਡਿਆਇਆ ਦੇ ਸੀਨੀਅਰ ਸਹਾਇਕ ਨਰਿੰਦਰ ਕੁਮਾਰ (94635-08399) ਤੇ ਕਲਰਕ ਕਮਲਦੀਪ ਸਿੰਘ (94658-30480) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖਰੀਦਦਾਰ ਨੂੰ ਫਲ-ਸਬਜ਼ੀਆਂ ਨਿਰਧਾਰਿਤ ਤੋਂ ਵੱਧ ਰੇਟ ’ਤੇ ਮਿਲ ਰਹੀਆਂ ਹਨ ਤਾਂ ਉਹ ਸਬੰਧਤ ਉਡਣ ਦਸਤਿਆਂ ਦੇ ਧਿਆਨ ’ਚ ਮਾਮਲਾ ਲਿਆ ਸਕਦਾ ਹੈ ਤਾਂ ਜੋ ਖਰੀਦਦਾਰਾਂ ਦੀ ਵਿੱਤੀ ਲੁੱਟ ਰੋਕਣੀ ਯਕੀਨੀ ਬਣਾਈ ਜਾ ਸਕੇ।