- ਆਮ ਆਵਾਜਾਈ ਲਈ ਹੁਣ ਸਿਰਫ਼ ਡਿਜੀਟਲ ਪਾਸ ਹੀ ਵੈਲਿਡ ਹੋਣਗੇ
- ਸਬਜ਼ੀ ਮੰਡੀ ਦੀ ਦਿਨ ਵਾਰ ਨਵੀਂ ਸਮਾਂ ਸਾਰਨੀ ਜਾਰੀ
- ਮਾਈਗਰੇਟਰੀ ਆਬਾਦੀ ਨੂੰ ਰਾਸ਼ਨ ਦੇ ਨਾਲ ਗੈਸ ਸਿਲੰਡਰ ਵੀ ਮਿਲਣਗੇ
- ਕਰਫਿਊ 14 ਅਪ੍ਰੈੱਲ ਤੱਕ ਵਧਾਇਆ, ਲੋਕ ਸਹਿਯੋਗ ਕਰਨ - ਡਿਪਟੀ ਕਮਿਸ਼ਨਰ
ਲੁਧਿਆਣਾ, 1 ਅਪ੍ਰੈਲ 2020 - ਜ਼ਿਲ੍ਹਾ ਲੁਧਿਆਣਾ ਵਿੱਚ ਲੌਕਡਾਊਨ ਦੇ ਕਾਰਨ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੱਟ ਲਗਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈੱਲ, 2020 ਤੋਂ ਰੱਦ ਕਰ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ, ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼, ਸਿਵਲ ਸਰਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਮੰਡੀ ਅਫ਼ਸਰ, ਨਗਰ ਨਿਗਮ ਲੁਧਿਆਣਾ, ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਜੋ ਪਾਸ ਜਾਰੀ ਕੀਤੇ ਗਏ ਹਨ, ਉਹ ਵੈਲਿਡ ਮੰਨੇ ਜਾਣਗੇ। ਨਵਾਂ ਮੂਵਮੈਂਟ ਕਰਫਿਊ ਪਾਸ ਜਾਰੀ ਕਰਾਉਣ ਲਈ https://epasscovid੧੯.pais.net.in 'ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਵੱਡੇ ਵੈਂਡਰ (ਜੋ ਆਪਣੇ ਪੱਧਰ 'ਤੇ ਥਾਂ-ਥਾਂ ਸਮਾਨ ਭਿਜਵਾ ਸਕਣ) ਸਵੇਰੇ 6 ਵਜੇ ਤੋਂ 10 ਵਜੇ ਤੱਕ ਸਮਾਨ ਖਰੀਦ ਸਕਣਗੇ। ਇਨ੍ਹਾ ਵੈਂਡਰਾਂ ਕੋਲ ਜ਼ਿਲ੍ਹਾ ਮੰਡੀ ਅਫ਼ਸਰ ਕੋਲੋਂ ਪਾਸ ਹੋਣਾ ਲਾਜ਼ਮੀ ਹੋਵੇਗਾ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ।
ਅਗਰਵਾਲ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਜੋ ਲੋਕਾਂ ਦੇ ਕੰਮ ਆਦਿ ਬੰਦ ਹੋ ਗਏ ਹਨ, ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਆਪਣਾ ਇੱਕ ਬਿਸਤਰਾ ਅਤੇ ਲੋੜੀਂਦੇ ਕੱਪੜੇ ਆਦਿ ਲੈ ਕੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ, ਜਿਥੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਲੋੜਵੰਦ ਮਾਈਗਰੇਟਰੀ ਆਬਾਦੀ ਲਈ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ, ਜੋ ਕਿ ਜਲਦ ਹੀ ਵੰਡੇ ਜਾਣਗੇ। ਇਸ ਲਈ ਯੋਗ ਵਿਅਕਤੀਆਂ ਪਰਿਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜ ਵਿਅਕਤੀਆਂ ਨੂੰ ਇੱਕ ਭੋਜਨ ਪੈਕੇਟ ਅਤੇ ਇੱਕ ਸਿਲੰਡਰ ਦਿੱਤਾ ਜਾਵੇਗਾ। ਜ਼ਿਲ੍ਹਾ ਲੁਧਿਆਣਾ ਵਿੱਚ ਫਿਲਹਾਲ 1 ਲੱਖ ਭੋਜਨ ਪੈਕੇਟ ਅਤੇ 50 ਹਜ਼ਾਰ ਸਿਲੰਡਰ ਦੇਣ ਦਾ ਟੀਚਾ ਹੈ।
ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਕਰਫਿਊ ਨੂੰ 1 ਅਪ੍ਰੈੱਲ ਤੋਂ ਵਧਾ ਕੇ 14 ਅਪ੍ਰੈੱਲ, 2020 ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਰਫਿਊ ਦੌਰਾਨ ਪਹਿਲਾਂ ਜਾਰੀ ਕੀਤੇ ਹੁਕਮ ਮੁਤਾਬਿਕ ਜ਼ਰੂਰੀ ਸੇਵਾਵਾਂ ਆਦਿ ਲਈ ਖੁੱਲ੍ਹ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਵਿਡ 19 ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 138 ਨਮੂਨੇ ਲਏ
ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 138 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 3 ਪਾਜ਼ੀਟਿਵ (2 ਲੁਧਿਆਣਾ ਅਤੇ 1 ਜਲੰਧਰ), 1 ਮੌਤ, 92 ਨੈਗੇਟਿਵ ਪਾਏ ਗਏ ਹਨ। 43 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ 43 ਨਮੂਨੇ ਮਿਤੀ 31 ਮਾਰਚ ਨੂੰ ਹੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।