ਮਲਕੀਤ ਸਿੰਘ ਮਲਕਪੁਰ
ਕਰੋਨਾ ਮਹਾਂਮਾਰੀ ਕਰਕੇ ਮੁਲਕ ਦੇ ਵਜ਼ੀਰੇ ਆਜ਼ਮ ਦੇ ਹੁਕਮ 'ਤੇ ਪੁਰਾ ਦੇਸ਼ ਇਸ ਵਕਤ ਲੌਕਡਾਉਨ ਕੀਤਾ ਗਿਆ ਹੈ। ਪੰਜਾਬ ਦੇ ਵਜ਼ੀਰੇ-ਆਲਾ ਨੇ ਆਪਣੇ ਸੂਬੇ 'ਚ ਕਰਫ਼ਿਊ ਲਾਇਆ ਹੋਇਆ ਹੈ ਜਿਸ ਕਰਕੇ ਛੋਟਾ ਮੋਟਾ ਕਿੱਤਾ ਕਰਨ ਵਾਲੇ ਕਾਮੇ ਵਿਹਲੇ ਤਾਂ ਹੋ ਹੀ ਗਏ ਹਨ ਪਰ ਸਰਕਾਰ ਵੱਲੋਂ ਐਲਾਨੀ ਮਾਇਕ ਇਮਦਾਦ ਵੀ ਏਹਨਾ ਤੱਕ ਪੁੱਜਣ ਦੀ ਵੀ ਉਮੀਦ ਨਹੀਂ ਹੈ।
ਡੇਰਾ ਬਸੀ ਤਹਿਸੀਲ ਚ ਪਿੰਡ ਮਲਕਪੁਰ ਦੇ ਅੱਡੇ ਤੇ ਹਜਾਮਤ ਦਾ ਕਿੱਤਾ ਕਰਨ ਵਾਲੇ ਹਨੀਫ ਖ਼ਾਨ ਨੇ ਦੱਸਿਆ ਕਿ ਉਸਦੇ ਜਿਆਦਾਤਰ ਗਾਹਕ ਨੇੜੇ-ਤੇੜੇ ਬਣੇ ਇੰਜੀਨੀਅਰਿੰਗ ਕਾਲਜਾਂ 'ਤੇ ਵਿਦਿਆਰਥੀ ਸੀ, ਜੋ ਕੇ ਬੰਦ ਪਏ ਨੇ ।ਕਰਫਿਊ ਖੁਲ੍ਹਣ ਦੀ ਸੂਰਤ ਚ ਵੀ ਕਰੋਨਾ ਦਾ ਖ਼ੌਫ਼ ਬਰਕਰਾਰ ਰਹਿਣਾ ਹੈ ਜਿਸ ਕਰਕੇ ਕਾਲਜਾਂ ਚ ਛੇਤੀ ਕੀਤਿਆਂ ਪੂਰੀ ਰੌਣਕ ਪਰਤਣ ਦੀ ਸੰਭਾਵਨਾ ਵੀ ਨਹੀਂ ।ਇਸ ਤਰ੍ਹਾਂ ਹਨੀਫ ਖ਼ਾਨ ਨੂੰ ਕੰਮ ਲੰਬੇ ਸਮੇਂ ਬੰਦ ਰਹਿਣ ਦਾ ਫ਼ਿਕਰ ਸਤਾ ਰਿਹਾ ਹੈ । ਇਸੇ ਤਰਾਂ ਨੇੜਲੇ ਕਸਬੇ ਲਾਲੜੂ ਤੋਂ ਰੇਹੜੀ 'ਤੇ ਸਿਲੰਡਰ ਢੋਣ ਵਾਲੇ ਸੁਖਵਿੰਦਰ ਸਿੰਘ(ਰੋਡੇ) ਨੇ ਦੱਸਿਆ ਕਿ ਉਹ ਗੈਸ ਅੰਜੈਂਸੀ ਤੋਂ ਸਿਲੰਡਰ ਢੋਣ ਦਾ ਕੰਮ ਕਰਦਾ ਸੀ, ਜਿਸ ਚੰਗੀ ਦਿਹਾੜੀ ਬਣ ਜਾਂਦੀ ਸੀ। ਪਰ ਪੰਜਾਬ ਚ ਕਰਫ਼ਿਊ ਲੱਗਾ ਹੋਣ ਕਰਕੇ ਨੇੜੇ-ਤੇੜੇ ਦੇ ਕਾਲਜਾਂ, ਮੀਟ-ਪਲਾਂਟ ਅਤੇ ਹੋਰ ਫੈਕਟਰੀਆਂ ਦੀਆਂ ਕੰਟੀਨਾਂ ਬੰਦ ਹੋਣ ਕਰਕੇ ਸਿਲੰਡਰਾਂ ਦੀ ਲਾਗਤ ਬਿਲਕੁਲ ਨਾ-ਮਾਤਰ ਰਹਿ ਗਈ ਹੈ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੈ। ਇਕ ਹੋਰ ਤਿੰਨ ਪਹੀਆ ਸਾਇਕਲ ਰੇਹੜੀ ਚਲਾਉਣ ਵਾਲਾ ਜਸਮੇਰ ਗੋਲੀਆ ਵੀ ਕਰਫਿਊ ਕਰਕੇ ਘਰੇ ਬੈਠਾ ਹੈ। ਗੋਲੀਏ ਨੇ ਦੱਸਿਆ ਕਿ ਕੰਮ ਉਹ ਰੇਹੜੀ ਤੇ ਆਪਣੇ ਲਾਲੜੂ ਤੋਂ ਸਮਾਨ ਦੀ ਢੋ-ਢੋਆਈ ਕਰਦਾ ਸੀ, ਜਿਸ ਨਾਲ ਚੰਗੀ ਦਿਹਾੜੀ ਬੰਦ ਜਾਂਦੀ ਸੀ। ਪਰ ਪੰਜਾਬ ਚ ਕਰਫਿਊ ਲੱਗਣ ਦੀ ਸੂਰਤ ਚ ਇਸਦੇ ਕੰਮ ਨੂੰ ਬਿਲਕੁਲ ਬਰੇਕ ਲੱਗ ਗਈ ਹੈ। ਇਸੇ ਤਰਾਂ ਦਲਬੀਰ ਖ਼ਾਨ ਨੇ ਦੱਸਿਆ ਕਿ ਲਾਲੜੂ ਕਸਬੇ ਦੇ ਮਲਕਪੁਰ, ਜੌਲਾ ਕਲਾ,ਜੌਲਾ ਖ਼ੁਰਦ, ਅਤੇ ਬੱਲੋਪੁਰ ਦੀ ਹਦੂਦ ਚ ਬਣੇ ਇੰਜੀਨੀਰਿੰਗ ਕਾਲਜਾਂ 'ਚੋ ਸਵਾਰੀਆਂ ਦੀ ਢੋ-ਢੋਆਈ ਦਾ ਕੰਮ ਸੀ, ਜੋ ਕਰਫਿਊ ਲੱਗਣ ਕਰਕੇ ਠੱਪ ਹੋ ਗਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ 'ਚ ਵਿੱਤੀ ਸਹਾਇਤਾ ਪਾਉਣ ਦੀ ਗੱਲ ਜ਼ਰੂਰ ਆਖੀ ਹੈ। ਪਰ ਦੂਜੇ ਪਾਸੇ ਵਿਚਾਰੇ ਇਹ ਛੋਟੇ-ਮੋਟੇ ਕੰਮਕਾਰ ਕਰਨ ਵਾਲੇ ਲੋਕ ਸਰਕਾਰ ਦੀ ਰਜਿਸਟਰਡ ਲਿਸਟ ਚ ਨਹੀਂ ਹਨ, ਜਿਸ ਵਜ੍ਹਾ ਕਰਕੇ ਇਹ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਵਾਂਝੇ ਰਹਿ ਜਾਣਗੇ। ਉਪਰ ਜ਼ਿਕਰ ਵਿੱਚ ਆਏ ਕਿਸੇ ਵੀ ਕਿਰਤੀ ਨੂੰ ਸਰਕਾਰ ਵੱਲੋਂ ਕਿਰਤੀਆਂ ਦੀ ਰਜਿਸਟਰਸ਼ਨ ਦੇ ਅਮਲ ਬਾਰੇ ਕੋਈ ਜਾਣਕਾਰੀ ਨਹੀਂ ਹੈ ।ਸਰਕਾਰ ਨੂੰ ਚਾਹੀਦਾ ਹੈ, ਕਿ ਅਜਿਹੇ ਕਿਰਤੀਆਂ ਨੂੰ ਵੀ ਵਿੱਤੀ ਸਹਾਇਤਾ ਲਾਭ ਮਿਲਣ ਵਾਲਿਆਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇ ਤਾਂ ਜੋ ਕੁਦਰਤੀ ਆਫ਼ਤਾਂ ਸਮੇਂ ਇਨ੍ਹਾਂ ਨੂੰ ਵੀ ਆਮ ਦਿਹਾੜੀਦਾਰ ਕਾਮਿਆਂ ਵਰਗੇ ਲਾਭ ਮਿਲ ਸਕਣ।
ਮਲਕੀਤ ਸਿੰਘ ਮਲਕਪੁਰ