- ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਹਰ ਮਦਦ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ2020 : ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਖਿਆ ਕਿ ਕੋਵਿਡ 19 ਬਿਮਾਰੀ ਦੇ ਸੰਕਟ ਦਾ ਟਾਕਰਾ ਅਸੀਂ ਸਾਰੇ ਮਿਲ ਕੇ ਕਰ ਰਹੇ ਹਾਂ ਅਤੇ ਇਸ ਜੰਗ ਵਿਚ ਯਕੀਨਨ ਸਾਡੀ ਜਿੱਤ ਹੋਵੇਗੀ। ਉਨਾਂ ਨੇ ਪੰਜਾਬੀਆਂ ਦੇ ਨਾਂਅ ਜਾਰੀ ਭਾਵੁਕ ਅਪੀਲ ਵਿਚ ਕਿਹਾ ਕਿ ਇਹ ਪੂਰੀ ਕੌਮ ਲਈ ਇਕ ਚੁਣੌਤੀ ਹੈ ਅਤੇ ਅਸੀਂ ਇਸ ਬਿਮਾਰੀ ਨੂੰ ਹਰਾ ਕੇ ਜੇਤੂ ਹੋ ਕੇ ਨਿਕਲਾਂਗੇ।
ਸ: ਬਾਦਲ ਨੇ ਕਿਹਾ ਕਿ ਇਸ ਮੌਕੇ ਭੁੱਖ ਅਤੇ ਤਨਾਅ ਦੋ ਵੱਡੇ ਫਿਕਰ ਹਨ। ਇਸ ਦੇ ਮੁਕਾਬਲੇ ਲਈ ਜਿੱਥੇ ਸਰਕਾਰੀ ਪੱਧਰ ਤੇ ਅਸੀਂ ਯਤਨਸ਼ੀਲ ਹਾਂ ਉਥੇ ਹੀ ਸਾਡਾ ਸਮਾਜ ਵੀ ਪੰਜਾਬ ਦੀ ਰਵਾਇਤ ਅਨੁਸਾਰ ਯੋਗਦਾਨ ਪਾ ਰਿਹਾ ਹੈ। ਉਨਾਂ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਕਰਫਿਊ ਆਪਣੇ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਹੀ ਲਗਾਉਣਾ ਪਿਆ ਹੈ ਅਤੇ ਲੋਕ ਇਸ ਦੀ ਸਵੈ ਜਾਬਤੇ ਨਾਲ ਪਾਲਣਾ ਕਰਨ। ਉਨਾਂ ਨੇ ਕਿਹਾ ਕਿ ਸਰਕਾਰੀ ਪੱਧਰ ਤੇ ਹਰ ਉਹ ਉਪਰਾਲਾ ਕੀਤਾ ਜਾਵੇਗਾ ਜਿਸ ਨਾਲ ਸਾਡੇ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਵਿੱਤ ਮੰਤਰੀ ਨੇ ਹੋਰ ਦੱਸਿਆ ਕਿ ਬੀਤੇ ਕੱਲ ਬਠਿੰਡਾ ਵਿਚ 13000 ਦੇ ਲਗਭਗ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਮੁਹਈਆ ਕਰਵਾਇਆ ਗਿਆ ਜਦ ਕਿ ਹੁਣ ਤੱਕ 5000 ਤੋਂ ਜਿਆਦਾ ਸੁੱਕੇ ਰਾਸ਼ਨ ਦੇ ਪੈਕਟ ਲੋੜਵੰਦ ਲੋਕਾਂ ਨੂੰ ਉਪਲਬੱਧ ਕਰਵਾਏ ਜਾ ਚੁੱਕੇ ਹਨ। ਉਨਾਂ ਨੇ ਦੱਸਿਆ ਕਿ ਹੰਸ ਨਗਰ ਵਿਚ 200, ਗੁਰੂ ਨਾਨਕ ਨਗਰ ਵਿਚ 200, ਗੁਰੂ ਕੀ ਨਗਰੀ ਵਿਚ 100, ਧੋਬੀਆਣਾ ਬਸਤੀ ਵਿਚ 200, ਸੰਗੂਆਣਾ ਬਸਤੀ ਵਿਚ 200, ਲਾਲ ਸਿੰਘ ਬਸਤੀ ਵਿਚ 200, ਜਨਤਾ ਨਗਰ ਵਿਚ 350, ਪਰਸਰਾਮ ਨਗਰ ਵਿਚ 150, ਸੰਜੇ ਨਗਰ ਵਿਚ 150, ਗੋਪਾਲ ਨਗਰ ਵਿਚ 50, ਗੁਰੂ ਗੋਬਿੰਦ ਸਿੰਘ ਨਗਰ 60 ਅਤੇ ਪਾਵਰ ਹਾਊਸ ਰੋਡ ਤੇ 50 ਘਰਾਂ ਵਿਚ ਬੀਤੇ ਕਲ ਭੋਜਨ ਦਿੱਤਾ ਗਿਆ ਹੈ। ਇਸੇ ਤਰਾਂ ਬੁੱਧਵਾਰ ਨੂੰ ਸੁਰਖਪੀਰ ਰੋਡ ਤੇ 200, ਘਨਈਆਂ ਨਗਰ ਵਿਚ 300, ਪਰਿੰਦਾ ਰੋਡ ਤੇ 150, ਸੁਭਾਸ਼ ਬਸਤੀ ਵਿਚ 200, ਸੁੱਚਾ ਸਿੰਘ ਨਗਰ ਵਿਚ 150, ਧੋਬੀਆਣਾ ਬਸਤੀ 200, ਗੁੁਰੂ ਗੋਬਿੰਦ ਸਿੰਘ ਨਗਰ 150, ਬਾਲਾ ਰਾਮ ਨਗਰ 150, ਸੰਜੇ ਨਗਰ ਵਿਚ 200, ਖੇਤਾਸਿੰਘ ਬਸਤੀ ਕੱਚੀ ਕਲੌਨੀ ਵਿਚ 200 ਲੋਕਾਂ ਨੂੰ, ਗੋਪਾਲ ਨਗਰ ਵਿਚ 200 ਅਤੇ ਪਾਰਸ ਰਾਮ ਨਗਰ ਵਿਚ 200 ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਮੌਕੇ ਇਸ ਔਖੀ ਘੜੀ ਵਿਚ ਮਾਨਵਤਾ ਦੀ ਸੇਵਾ ਵਿਚ ਸਮੂਚੇ ਪ੍ਰਸ਼ਾਸਨ ਤੋਂ ਇਲਾਵਾ ਸਾਡੇ ਸਮਾਜ ਸੇਵੀ ਵੀ ਆਪਣੀ ਵੱਢਮੁੱਲਾ ਸਹਿਯੋਗ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਲੋੜਵੰਦ ਦੀ ਸਹਾਇਤਾ ਦੀ ਇਸੇ ਭਾਵਨਾ ਨਾਲ ਆਪਾਂ ਸਭ ਨੇ ਅੱਗੇ ਵੀ ਕੰਮ ਕਰਨਾ ਹੈ ਤਾਂ ਜੋ ਮਨੁੱਖਤਾ ਤੇ ਆਏ ਇਸ ਖਤਰੇ ਨੂੰ ਟਾਲਿਆ ਜਾ ਸਕੇ ਅਤੇ ਅਸੀਂ ਵਾਪਸ ਸਮਾਜ ਨੂੰ ਆਮ ਜਿੰਦਗੀ ਵਿਚ ਲੈ ਜਾ ਸਕੀਏ।