← ਪਿਛੇ ਪਰਤੋ
65 ਸਾਲਾ ਮ੍ਰਿਤਕ ਵਿਅਕਤੀ ਦੇ ਕਰੀਬੀ ਸੰਪਰਕਾਂ ਦੇ 13 ਨਮੂਨੇ ਨੈਗਟਿਵ ਐਸ ਏ ਐਸ ਨਗਰ, 01 ਅਪ੍ਰੈਲ 2020: ਜ਼ਿਲੇ 'ਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 3 ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਲਈ ਪਾਜੇਟਿਵ ਪਾਏ ਗਏ ਤਿੰਨਾਂ ਮਾਮਲਿਆਂ ਦਾ ਚੰਡੀਗੜ੍ਹ ਦੇ ਪਾਜੇਟਿਵ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਦੱਸਿਆ ਗਿਆ ਹੈ। ਉਨ੍ਹਾਂ ਨੂੰ ਤੁਰੰਤ ਕੁਆਰੰਟੀਨ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕਾਂ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 3 ਪਾਜੇਟਿਵ ਮਾਮਲਿਆਂ ਵਿਚੋਂ 2 ਮਾਮਲੇ ਫੇਜ਼-9 ਦੇ ਹਨ। ਇਹਨਾਂ ਦੋਵਾਂ ਮਾਮਲਿਆਂ ਵਿੱਚੋਂ ਇਕ 10 ਸਾਲਾਂ ਦੀ ਲੜਕੀ ਹੈ ਅਤੇ ਦੂਸਰਾ 74 ਸਾਲਾ ਮਹਿਲਾ ਹੈ। ਇਹ ਦੋਵੇਂ ਚੰਡੀਗੜ੍ਹ ਦੇ ਪਾਜੇਟਿਵ ਮਾਮਲੇ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਟੋਕੋਲ ਅਨੁਸਾਰ ਕੰਟੇਨਮੈਂਟ ਜ਼ੋਨ ਬਣਾਏ ਜਾਣਗੇ। ਤੀਜਾ ਪਾਜੇਟਿਵ ਮਾਮਲਾ ਜਗਤਪੁਰਾ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਹੈ। ਉਹ ਚੰਡੀਗੜ੍ਹ ਪਾਜੇਟਿਵ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਪੂਰੇ ਇਲਾਕੇ ਨੂੰ ਸੀਲ ਕੀਤਾ ਜਾ ਰਿਹਾ ਹੈ। ਕੁੱਲ 3 ਟੀਮਾਂ ਘਰ-ਘਰ ਸਰਵੇਖਣ ਕਰਨ ਤੋਂ ਇਲਾਵਾ ਇਹਨਾਂ ਦੇ ਸੰਪਰਕਾਂ ਦੀ ਭਾਲ ਅਤੇ ਟੈਸਟ ਵੀ ਕਰ ਰਹੀਆਂ ਹਨ। ਡੀਸੀ ਨੇ ਦੱਸਿਆ ਕਿ ਕੋਰੋਨਾਵਾਇਰਸ ਨਾਲ ਮੰਗਲਵਾਰ ਨੂੰ ਮਰਨ ਵਾਲੇ 65 ਸਾਲਾ ਬਜ਼ੁਰਗ ਦੇ ਕਰੀਬੀ ਸੰਪਰਕਾਂ ਦੇ 13 ਨਮੂਨੇ ਨੈਗਟਿਵ ਪਾਏ ਗਏ ਹਨ।
Total Responses : 266