17564 ਪਰਿਵਾਰਾਂ ਨੂੰ 80 ਲੱਖ ਰੁਪਏ ਤੋਂ ਵੱਧ ਦਾ ਸੁੱਕਾ ਰਾਸ਼ਨ ਵੰਡਿਆ
ਛੇ ਦਿਨਾਂ ਵਿਚ 7675 ਪਰਿਵਾਰਾਂ ਨੂੰ ਦਿਨ ਵਿਚ ਦੋ ਵਾਰ ਪਕਾਇਆ ਖਾਣਾ ਦਿੱਤਾ ਗਿਆ
ਐਸ ਏ ਐਸ ਨਗਰ, 1 ਅਪ੍ਰੈਲ 2020: ਸਮਾਜ ਸੇਵੀ ਲੋਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ 25 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜੋ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਲਗਾਏ ਦੇਸ਼-ਵਿਆਪੀ ਲਾਕਡਾਊਨ ਦੇ ਮੱਦੇਨਜ਼ਰ ਸਾਧਨਾਂ ਤੋਂ ਵਾਂਝੇ ਰਹਿ ਗਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਕਿਹਾ ਕਿ ਵੱਖ-ਵੱਖ ਐਨ.ਜੀ.ਓਜ਼, ਗੁਰਦੁਆਰਿਆਂ, ਰੈਡ ਕਰਾਸ, ਸਥਾਨਕ ਸਿਆਸੀ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਵਲੰਟੀਅਰਾਂ ਦੇ ਸਰਗਰਮ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਨੇ 17564 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਹੈ, ਜਿਨ੍ਹਾਂ ਵਿੱਚ ਮੁਹਾਲੀ ਦੇ 8800, ਡੇਰਾਬੱਸੀ ਦੇ 3268 ਅਤੇ ਖਰੜ ਸਬ ਡਵੀਜਨ ਦੇ 5496 ਪਰਿਵਾਰ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਦੀ ਔਸਤਨ ਗਿਣਤੀ ਚਾਰ ਮੰਨਦੇ ਹੋਏ, ਇਸ ਰਾਸ਼ਨ ਨਾਲ ਤਕਰੀਬਨ 70 ਹਜ਼ਾਰ ਲੋਕਾਂ ਨੂੰ ਰਾਹਤ ਮਿਲੀ। ਉਨ੍ਹਾਂ ਕਿਹਾ ਕਿ ਛੇ ਦਿਨਾਂ ਵਿੱਚ ਕਰੀਬ 87 ਲੱਖ ਰੁਪਏ ਦਾ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ 26 ਮਾਰਚ ਤੋਂ ਪਕਾਇਆ ਖਾਣਾ ਵੀ ਵੰਡਿਆ ਜਾ ਰਿਹਾ ਹੈ ਅਤੇ 31 ਮਾਰਚ ਤੱਕ 7675 ਪਰਿਵਾਰਾਂ ਨਾਲ ਸਬੰਧਤ 36,4560 ਲੋਕਾਂ ਨੂੰ ਦਿਨ ਵਿਚ ਦੋ ਵਾਰ ਭੋਜਨ ਦਿੱਤਾ ਜਾ ਚੁੱਕਾ ਹੈ। ਇਸ ਵਿੱਚ ਮੁਹਾਲੀ ਦੇ 2325 ਪਰਿਵਾਰਾਂ ਦੇ 111600 ਮੈਂਬਰ, ਡੇਰਾਬਸੀ ਦੇ 1660 ਪਰਿਵਾਰਾਂ ਦੇ 79680 ਮੈਂਬਰ ਅਤੇ ਖਰੜ ਦੇ 3690 ਪਰਿਵਾਰਾਂ ਦੇ 173280 ਮੈਂਬਰ ਸ਼ਾਮਲ ਹਨ। ਸ੍ਰੀ ਦਿਆਲਨ ਨੇ ਦੱਸਿਆ ਕਿ ਇਸ ਉਪਰਾਲੇ ਲਈ ਲਗਭਗ 70 ਲੱਖ ਰੁਪਏ ਖਰਚ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ, “ਹਾਲਾਂਕਿ, ਸਮਾਜਿਕ ਸੰਪਰਕ ਨੂੰ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਕਾਏ ਖਾਣੇ ਨਾਲੋਂ ਸੁੱਕਾ ਰਾਸ਼ਨ ਦੇਣ 'ਤੇ ਵਧੇਰੇ ਧਿਆਨ ਦੇਵੇਗਾ।”
ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਦੇ ਸਮੂਹ ਲੋੜਵੰਦਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਖਾਸ ਕਰਕੇ ਪਰਵਾਸੀਆਂ ਲਈ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਨ੍ਹਾਂ ਨੇ ਸਾਰੇ ਸਮਾਜ ਸੇਵੀ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਲੋਕ ਵਿੱਤੀ ਜਾਂ ਹੋਰ ਕੋਈ ਵੀ ਸਹਾਇਤਾ ਕਰਨ ਦੇ ਚਾਹਵਾਨ ਹਨ, ਉਹ ਜ਼ਿਲ੍ਹਾ ਰੈਡ ਕਰਾਸ ਨਾਲ ਸੰਪਰਕ ਕਰ ਸਕਦੇ ਹਨ।