ਮਨਪ੍ਰੀਤ ਸਿੰਘ ਜੱਸੀ
- ਦੁਕਾਨਦਾਰ ਕੋਵਾ ਪੰਜਾਬ ਐਪ ਰਾਹੀਂ ਆਰਡਰ ਲੈ ਕੇ ਨਾਗਰਿਕਾਂ ਨੂੰ ਘਰਾਂ ਵਿੱਚ ਕਰਵਾਉਣਗੇ ਜ਼ਰੂਰੀ ਵਸਤਾਂ ਮੁਹੱਈਆ
- ਕੋਵਾ ਪੰਜਾਬ ਐਪ ਗੁਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਵਿੱਚ ਮੁਫ਼ਤ ਉਪਲੱਬਧ ਹੈ
- ਸ਼ਿਕਾਇਤ ਮਿਲਣ 'ਤੇ ਪ੍ਰਸਾਸ਼ਨ ਕਰ ਸਕਦਾ ਹੈ ਕਿਸੇ ਵੀ ਦੁਕਾਨਦਾਰ ਦੀ ਰਜਿਸਟ੍ਰੇਸ਼ਨ ਰੱਦ
ਅੰਮ੍ਰਿਤਸਰ, 1 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਘਰ ਤੱਕ ਪਹੁੰਚ ਕਰਵਾਉਣ ਲਈ ਕੋਵਾ ਪੰਜਾਬ ਐਪ ( 3OV1 P”NJ12 1PP) ਵਿੱਚ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ। ਇਹ ਮੋਡਿਊਲ ਸਾਰੇ ਦੁਕਾਨਦਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਆਪਣੇ ਨਾਲ ਸਬੰਧਤ ਕੰਮ ਲਈ ਵਰਤ ਸਕਦੇ ਹਨ।
ਡਿਪਟੀ ਕਮਿਸ਼ਨਰ ਸ. ਢਿਲੋਂ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਇਸ ਮੋਡਿਊਲ ਨੂੰ ਵਰਤਣ ਲਈ ਪੰਜਾਬ ਸਰਕਾਰ ਦੀ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ ਜੋ ਕਿ ਗੁਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਵਿੱਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਕੋਵਾ ਐਪ ਦੀ ਮੈਨਯੂ ਵਿੱਚ ਰਿਕਵੈਸਟ ਗਰੋਸਰੀ ਟਾਇਪ 'ਤੇ ਕਲਿੱਕ ਕਰਕੇ ਇਹ ਮੋਡਿਊਲ ਖੁੱਲ੍ਹ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਨਾਗਰਿਕ ਆਪਣੀ ਲੋਕੇਸ਼ਨ ਸੈਟ ਕਰਕੇ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਦੇਖ ਸਕਣਗੇ।। ਉਨਾਂ ਦੱਸਿਆ ਕਿ ਇਹ ਐਪ ਕੇਵਲ ਉਨ੍ਹਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ ਜਿਨ੍ਹਾਂ ਨੇ ਇਸ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ ਅਤੇ ਜਿਨਾਂ ਦੁਕਾਨਦਾਰਾਂ ਨੂੰ ਇਸ ਐਪ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਨਜ਼ੂਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੋਡਿਊਲ ਰਾਹੀਂ ਨਾਗਰਿਕ ਫਲ-ਸਬਜੀਆਂ, ਦਵਾਈਆਂ, ਦੁੱਧ ਉਤਪਾਦ ਅਤੇ ਕਰਿਆਣੇ ਦੇ ਸਮਾਨ ਨੂੰ ਲੋੜ ਅਨੁਸਾਰ ਆਪਣੇ ਘਰ ਮੰਗਵਾ ਸਕਦੇ ਹਨ।। ਉਨਾਂ ਦੱਸਿਆ ਕਿ ਖਰੀਦੇ ਸਮਾਨ ਦੀ ਰਾਸ਼ੀ ਦਾ ਭੁਗਤਾਨ ਆਰਡਰ ਦੀ ਡਿਲੀਵਰੀ ਸਮੇਂ ਹੀ ਕਰਨਾ ਹੈ ਅਤੇ ਜੇਕਰ ਨਾਗਰਿਕ ਆਪਦੇ ਆਰਡਰ ਤੋਂ ਸੰਤੁਸ਼ਟ ਨਾ ਹੋਣ ਤਾਂ ਕੋਵਾ ਐਪ ਵਿੱਚ ਰਿਪੋਰਟ ਕਰ ਸਕਦੇ ਹਨ। ਉਨਾਂ ਦੱਸਿਆ ਕਿ ਕੋਈ ਵੀ ਰਜਿਸਟਰਡ ਦੁਕਾਨਦਾਰ ਆਪਣਾ ਸਮਾਨ ਲੋਕਾਂ ਤੱਕ ਸਪਲਾਈ ਕਰਨ ਲਈ ਇਸ ਮੋਡਿਊਲ ਰਾਹੀਂ ਰਜਿਸਟ੍ਰੇਸ਼ਨ ਕਰ ਸਕਦਾ ਹੈ।
ਉਨਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕਿਸੇ ਵੀ ਵਸਤੂ ਦਾ ਵੇਚ ਮੁੱਲ ਐਮ.ਆਰ.ਪੀ. ਰੇਟਾਂ ਤੋਂ ਵੱਧ ਨਾ ਹੋਵੇ ਅਤੇ ਦੁਕਾਨਦਾਰ ਕੋਲ ਸਮਾਨ ਘਰ ਪਹੁੰਚਾਉਣ ਦੀ ਆਪਣੇ ਪੱਧਰ 'ਤੇ ਸੁਵਿਧਾ ਹੋਵੇ। ਉਨਾਂ ਦੱਸਿਆ ਅਜਿਹਾ ਨਾ ਹੋਣ 'ਤੇ ਉਸਦੀ ਅਰਜ਼ੀ ਰੱਦ ਹੋ ਸਕਦੀ ਹੈ। ਦੁਕਾਨਦਾਰ ਨੂੰ ਸਭ ਤੋਂ ਪਹਿਲਾਂ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਰਿਕਵੈਸਟ ਗਰੋਸਰੀ ਟਾਇਪ 'ਤੇ ਕਲਿੱਕ ਕਰਨਾ ਹੋਵੇਗਾ। ਇਸ ਉਪਰੰਤ ਉਹ ਵੈਨਡਰ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਕੇ ਆਨਰੋਲ ਹੋ ਸਕਦਾ ਹੈ।
ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਅਰਜੀ ਦੇਣ ਲਈ ਜ਼ਿਲ੍ਹੇ ਦਾ ਨਾਮ, ਸ਼ਹਿਰ ਦਾ ਨਾਮ, ਦੁਕਾਨ ਦਾ ਨਾਮ, ਆਪਣਾ ਨਾਮ, ਮੋਬਾਇਲ ਨੰਬਰ ਅਤੇ ਪੂਰਾ ਪਤਾ ਦੱਸਣਾ ਹੋਵੇਗਾ ਅਤੇ ਫਿਰ ਵੇਚਣ ਵਾਲੀਆਂ ਵਸਤਾਂ ਜਿਵੇਂ ਦੁੱਧ ਉਤਪਾਦ, ਫਲ-ਸਬਜ਼ੀਆਂ, ਦਵਾਈਆਂ, ਕਰਿਆਣਾ ਬਾਰੇ ਜਾਣਕਾਰੀ ਦੇਣੀ ਹੋਵੇਗੀ ਤੇ ਆਖਿਰ ਵਿੱਚ ਡਿਲੀਵਰੀ ਕਰਤਾ ਬਾਰੇ ਜਾਣਕਾਰੀ ਦੇਣੀ ਹੋਵੇਗੀ। ਉਪਰੰਤ ਇਹ ਰਜਿਸਟ੍ਰੇਸ਼ਨ ਅਰਜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਨਲਾਈਨ ਚਲੀ ਜਾਵੇਗੀ। ਜੇਕਰ ਇਹ ਅਰਜੀ ਮਨਜੂਰ ਹੋ ਜਾਂਦੀ ਹੈ ਤਾਂ ਸਬੰਧਤ ਦੁਕਾਨਦਾਰ ਦੇ ਮੋਬਾਇਲ 'ਤੇ ਇੱਕ ਆਈ.ਡੀ. ਤੇ ਪਾਸਵਰਡ ਭੇਜ ਦਿੱਤਾ ਜਾਵੇਗਾ।। ਉਨ੍ਹਾਂ ਦੱਸਿਆ ਕਿ ਇਹ ਆਈ.ਡੀ. ਪਾਸਵਰਡ ਵਰਤ ਕੇ ਦੁਕਾਨਦਾਰ ਦੁਕਾਨ ਦੇ ਸਟਾਕ ਅਤੇ ਉਨ੍ਹਾਂ ਦੀ ਵਿਕਰੀ ਨੂੰ ਅਪਡੇਟ ਕਰ ਸਕਦਾ ਹੈ।।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਵੱਲੋਂ ਕੀਤੇ ਗਏ ਆਰਡਰ ਦੁਕਾਨਦਾਰ ਆਪਣੀ ਲਾਗਿਨ ਆਈ. ਡੀ. ਵਿੱਚ ਦੇਖ ਸਕਦਾ ਹੈ ਅਤੇ ਨਾਗਰਿਕ ਵੱਲੋਂ ਦਿੱਤੇ ਗਏ ਪਤੇ 'ਤੇ ਇਹ ਆਰਡਰ ਪੰਹੁਚਾਉਣੇ ਹੋਣਗੇ।। ਦੁਕਾਨਦਾਰ ਆਪਣੇ ਆਰਡਰ ਦੀ ਕੀਮਤ ਸਮਾਨ ਪਹੁੰਚਾਉਣ 'ਤੇ ਵਸੂਲ ਪਾਏਗਾ।। ਜੇਕਰ ਜ਼ਿਲਾ ਪ੍ਰਸ਼ਾਸ਼ਨ ਨੂੰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਕਿਸੇ ਵੀ ਸਮੇਂ ਕਿਸੇ ਵੀ ਦੁਕਾਨਦਾਰ ਦੀ ਰਜਿਸਟ੍ਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ।