ਅਸ਼ੋਕ ਵਰਮਾ
- ਸਰਕਾਰੀ ਹਦਾਇਤਾਂ ਦੀ ਕੀਤੀ ਜਾ ਰਹੀ ਹੈ ਪਾਲਣਾ
ਬਠਿੰਡਾ, 1 ਅਪ੍ਰੈਲ 2020 - ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਵਿਸ਼ਵ ਵਿਆਪੀ ਮਹਾਮਾਰੀ ਦਾ ਰੂਪ ਧਾਰਨ ਚੁੱਕੇ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਵਿੱਚ ਪਿੰਡ ਪੱਧਰ 'ਤੇ ਵੀ ਲੋਕ ਪੂਰੀ ਤਰਾਂ ਚੁਕੱਨੇ ਹੋ ਚੁੱਕੇ ਹਨ। ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੇਂਡੂ ਲੋਕਾਂ ਵਲੋਂ ਵੀ ਸਮਾਜਿਕ ਦੂਰੀ ਰੱਖ ਕੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨਾਂ ਜ਼ਿਲੇ ਦੇ ਸਮੂਹ ਪਿੰਡ ਵਾਸੀਆਂ ਸੁਚੇਤ ਕਰਦਿਆਂ ਅਪੀਲ ਵੀ ਕੀਤੀ ਕਿ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਸੰਕਟ ਘੜੀ ਵਿਚ ਜੋ ਵੀ ਖ਼ਾਸ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਉਹ ਸਾਰੀਆਂ ਤੁਹਾਡੀ ਸਿਹਤ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਹਨ। ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦਿੰਦਿਆਂ ਇਨਾਂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।
ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲੇ ਅੰਦਰ ਪਿੰਡ ਪੱਧਰ 'ਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਕਿਸੇ ਵੀ ਲੋੜਵੰਦ ਤੇ ਗ਼ਰੀਬ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਪਿੰਡ ਪੱਧਰ 'ਤੇ ਆਮ ਲੋਕਾਂ ਵਲੋਂ ਘਰ ਰਹਿਣ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ ਪਰ ਫ਼ਿਰ ਵੀ ਜੇਕਰ ਕਿਸੇ ਜ਼ਰੂਰੀ ਕੰਮ ਲਈ ਉਨਾਂ ਨੂੰ ਕਿਧਰੇ ਬਾਹਰ ਨਿਕਲਣਾ ਪਵੇ ਤਾਂ ਉਨਾਂ ਵਲੋਂ ਚੌਕਸੀ ਵਰਤਦਿਆਂ ਪੂਰੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾ ਰਹੀ ਰਹੀ ਹੈ।
ਸ਼੍ਰੀ ਜੱਸਲ ਨੇ ਦੱਸਿਆ ਕਿ ਪਿੰਡਾਂ ਦੀ ਮੌਜੂਦਾ ਸਥਿਤੀ ਦੀ ਗੱਲ ਕਰਦਿਆਂ ਦੱਸਿਆ ਕਿ ਹਰੇਕ ਪਿੰਡ ਵਿੱਚ ਲੋਕ ਇਸ ਇਸ ਮਹਾਮਾਰੀ ਤੋਂ ਬਚਾਅ ਲਈ ਪੂਰੀ ਤਰਾਂ ਜਾਗਰੂਕ ਤੇ ਚੌਕਸ ਹਨ। ਖੇਤਾਂ ਵਿੱਚੋਂ ਪਸ਼ੂਆਂ ਲਈ ਚਾਰਾ ਆਦਿ ਲਿਆਉਣ ਸਮੇਂ ਕਿਸਾਨਾਂ ਵਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਵਲੋਂ ਡੇਅਰੀ 'ਤੇ ਦੁੱਧ ਲਿਆਉਣ ਜਾਂ ਪਾਉਣ ਸਮੇਂ ਪੂਰੀ ਤਰਾਂ ਚੌਕਸੀ ਵਰਤੀ ਜਾ ਰਹੀ ਹੈ। ਸਬਜ਼ੀਆਂ ਅਤੇ ਦਵਾਈ ਆਦਿ ਲੈਣ ਸਮੇਂ ਵੀ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਦਿਆਂ ਪੂਰੀ ਮੂਸਤੈਦੀ ਨਾਲ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਵਲੋਂ ਆਪਣੇ ਆਪ ਨੂੰ ਤੇ ਪਿੰਡਾਂ ਨੂੰ ਵੀ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।
ਜ਼ਿਲੇ ਦੇ ਪਿੰਡਾਂ ਵਿਚ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਵਿਕਾਸ ਅਫ਼ਸਰ ਨੇ ਦੱਸਿਆ ਕਿ ਪਿੰਡ ਅਬਲੂ ਦੇ ਏ.ਟੀ.ਐਮ. ਵਿਖੇ ਲੋਕਾਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਲਈ ਸਪੈਸ਼ਲ ਬਾਕਸ ਬਣਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲੇ ਦੇ ਪਿੰਡ ਲਹਿਰਾ ਬੇਗਾ ਵਿਖੇ ਵੀ ਲੋਕਾਂ ਵਲੋਂ ਦੁਕਾਨ ਤੋਂ ਲੋੜੀਂਦਾ ਸਮਾਨ ਲੈਣ ਲਈ ਦੂਰੀ ਰੱਖ ਕੇ ਹੀ ਆਪਣੇ ਸਮਾਨ ਦੀ ਖ਼ਰੀਦੋ-ਫਰੋਖਤ ਕੀਤੀ ਜਾ ਰਹੀ ਹੈ।