ਰਜਨੀਸ਼ ਸਰੀਨ
- ਹੁਣ ਤੱਕ 1500 ਤੋਂ ਵਧੇਰੇ ਘਰਾਂ ’ਚ ਲੋਕਾਂ ਦੀ ਦਵਾਈਆਂ ਦੀ ਮੰਗ ਕਰ ਚੁੱਕੇ ਨੇ ਪੂਰੀ
- ਅੱਜ ਤੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਵਾਸੀ ਪਰਿਵਾਰਾਂ ਤੱਕ ਲੰਗਰ ਵੀ ਪਹੁੰਚਾਉਣਗੇ
ਨਵਾਂਸ਼ਹਿਰ, 1 ਅਪ੍ਰੈਲ 2020 - ਸਰਹੱਦਾਂ ’ਤੇ ਸੇਵਾ ਕਰਨ ਬਾਅਦ ਪੰਜਾਬ ’ਚ ‘ਗਾਰਡੀਅਨਜ਼ ਆਫ਼ ਗਵਰਨੈਂਸ’ ਵਜੋਂ ਸੇਵਾਵਾਂ ਦੇ ਰਹੇ ਸਾਬਕਾ ਸੈਨਿਕ ਆਪਣੀ ਰਾਸ਼ਟਰ ਪ੍ਰਤੀ ਜ਼ਿੰਮੇਂਵਾਰੀ ਨੂੰ ਕੋਵਿਡ-19 ਦੀ ਰੋਕਥਾਮ ਲਈ ਲੱਗੇ ਕਰਫ਼ਿਊ ਦੌਰਾਨ ਵੀ ਤਨਦੇਹੀ ਨਾਲ ਨਿਭਾ ਰਹੇ ਹਨ।
ਜ਼ਿਲ੍ਹੇ ’ਚ ਸੇਵਾ ਨਿਭਾ ਰਹੇ 130 ਦਾ ਜੀ ਓ ਜੀ ਸਟਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀ ਦਵਾਈਆਂ ਸਬੰਧੀ ਮੁਸ਼ਕਿਲ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਘਰ ਤੱਕ ਦਵਾਈ ਪਹੁੰਚਾਉਣ ਦੀ ਲਾਈ ਡਿਊਟੀ ਨੂੰ ਨਿਭਾ ਰਹੇ ਹਨ।
ਜ਼ਿਲ੍ਹਾ ਮੁਖੀ ਜੀ ਓ ਜੀ ਕਰਨਲ (ਸੇਵਾਮੁਕਤ) ਚੂਹੜ ਸਿੰਘ ਦੱਸਦੇ ਹਨ ਕਿ ਸਭ ਤੋਂ ਔਖਾ ਕਾਰਜ ਪਿੰਡਾਂ ’ਚ ਦਵਾਈ ਪਹੁੰਚਾਉਣ ਤੋਂ ਬਾਅਦ ਸਬੰਧਤ ਕੈਮਿਸਟ ਨੂੰ ਅਗਲੇ ਦਿਨ ਜਾਂ ਉਸੇ ਦਿਨ ਦਵਾਈ ਦੇ ਪੈਸੇ ਪਹੁੰਚਾਉਣ ਦਾ ਹੈ ਪਰੰਤੂ ਉਨ੍ਹਾਂ ਦੇ ਜੀ ਓ ਜੀ ਇਸ ਸੇਵਾ ਨੂੰ ਖਿੜੇ ਮੱਥੇ ਨਿਭਾ ਰਹੇ ਹਨ।
ਸੂਬਦੇਦਾਰ ਮੇਜਰ (ਸੇਵਾਮੁਕਤ) ਰਣਜੀਤ ਸਿੰਘ ਜੋ ਕਿ ਮੂਸਾਪੁਰ ਤੋਂ ਜੀ ਓ ਜੀ ਵਜੋਂ ਸੇਵਾ ਨਿਭਾ ਰਹੇ ਹਨ, ਅਨੁਸਾਰ ਉਸ ਨੂੰ ਅੱਜ ਇੱਕ ਪਰਿਵਾਰ ਦੀ ਦਵਾਈ ਨਵਾਂਸ਼ਹਿਰ ਤੋਂ ਲੈਣ ’ਚ ਇਸ ਕਰਕੇ ਮੁਸ਼ਕਿਲ ਆ ਰਹੀ ਸੀ ਕਿ ਸਬੰਧਤ ਪਰਿਵਾਰ ਪਾਸ ਦਵਾਈ ਦੀ 3000 ਰੁਪਏ ਦੀ ਰਾਸ਼ੀ ਨਹੀਂ ਸੀ, ਪਰ ਜਦੋਂ ਉਨ੍ਹਾਂ ਇਹ ਮੁਸ਼ਕਿਲ ਆਪਣੇ ਜ਼ਿਲ੍ਹਾ ਜੀ ਓ ਜੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆ ਕੇ ਦਵਾਈ ਦੀ ਅਦਾਇਗੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ’ਚੋਂ ਲੈਣ ਦੀ ਮਨਜੂਰੀ ਦੇ ਦਿੱਤੀ।
ਕਰਨਲ ਚੂਹੜ ਸਿੰਘ ਮੁਤਾਬਕ ਜੀ ਓ ਜੀ ਜ਼ਿਲ੍ਹੇ ’ਚ ਕਰਫ਼ਿਊ ਦੌਰਾਨ ਪਿੰਡਾਂ ’ਚ ਲਗਪਗ 1500 ਲੋਕਾਂ ਤੱਕ ਦਵਾਈ ਪਹੁੰਚਾ ਚੁੱਕੇ ਹਨ। ਉਨ੍ਹਾਂ ਦੱਸਿਆ ਕਈ ਗਰੀਬ ਤੇ ਲੋੜਵੰਦ ਪਰਿਵਾਰਾਂ ਕੋਲ ਕਈ ਵਾਰ ਦਵਾਈ ਦੇ ਪੈਸੇ ਨਹੀਂ ਹੁੰਦੇ, ਜਿਸ ਲਈ ਉਨ੍ਹਾਂ ਆਪਣੇ ਜੀ ਓ ਜੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਢਾਈ-ਤਿੰਨ ਸੌ ਰੁਪਏ ਤੱਕ ਦਾ ਖਰਚਾ ਆਪਣੇ ਕੋਲੋਂ ਕਰ ਲਿਆ ਕਰਨ ਅਤੇ ਇਸ ਨੂੰ ਮਨੁੱਖੀ ਸੇਵਾ ਸਮਝਣ। ਉਨ੍ਹਾਂ ਦੱਸਿਆ ਕਿ ਵੀਰਵਾਰ ਤੋਂ ਜੀ ਓ ਜੀਜ਼ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਵਾਸੀ ਮਜ਼ਦੂਰਾਂ ਤੱਕ ਖਾਣਾ ਪਹੁੰਚਾਉਣ ਦੀ ਸੇਵਾ ਵੀ ਸ਼ੁਰੂ ਕਰਨਗੇ।
ਕੈਪਟਨ ਦੌਲਤ ਸਿੰਘ ਜੋ ਕਿ ਸੀਲ ਕੀਤੇ ਪਿੰਡਾਂ ’ਚੋਂ ਆਪੋ ’ਚ ਜੁੜਦੇ ਚਾਰ ਪਿੰਡਾਂ ਲਧਾਣਾ ਝਿੱਕਾ, ਲਧਾਣਾ ਉੱਚਾ, ਪਠਲਾਵਾ ਅਤੇ ਮਹਿਲ ਗਹਿਲਾਂ ਦੇ ਲੋਕਾਂ ਨੂੰ ਬਾਹਰੋਂ ਮਿਲਣ ਵਾਲੀਆਂ ਦਵਾਈਆਂ ਪਹੁੰਚਾਉਂਦੇ ਹਨ, ਨੇ ਦੱਸਿਆ ਕਿ ਉਹ ਇਨ੍ਹਾਂ ਪਿੰਡਾਂ ’ਚ ਜਾਣ ’ਤੇ ਲੱਗੀ ਰੋਕ ਕਾਰਨ, ਬਾਹਰ ਨਾਕੇ ’ਤੇ ਦਵਾਈ ਲਿਆ ਕੇ ਸਬੰਧਤ ਪਿੰਡ ਵਾਲੇ ਨੂੰ ਫ਼ੋਨ ਕਰ ਦਿੰਦੇ ਹਨ।
ਨਾਇਕ ਗੁਰਦਿਆਲ ਚੰਦ ਅਨੁਸਾਰ ਉਸ ਵੱਲੋਂ ਇੱਕ ਪਰਿਵਾਰ ਦੇ ਮਰੀਜ਼ ਦੀ ਦਵਾਈ ਇੱਥੋਂ ਨਾ ਮਿਲਣ ਕਾਰਨ ਸੀ ਐਮ ਸੀ ਹਸਪਤਾਲ ਲੁਧਿਆਣਾ ਤੋਂ ਲਿਆ ਕੇ ਦਿੱਤੀ ਗਈ। ਇਸੇ ਤਰ੍ਹਾਂ ਹੌਲਦਾਰ ਦਲਬੀਰ ਸਿੰਘ ਵੱਲੋਂ ਨੀਲ ਹਸਪਤਾਲ ਜਲੰਧਰ ਤੱਕ ਦਾ ਦਵਾਈ ਲਿਆਉਣ ਦਾ ਸਫ਼ਰ ਤੈਅ ਕੀਤਾ ਗਿਆ।
ਕਰਨਲ ਚੂਹੜ ਸਿੰਘ ਅਨੁਸਾਰ ਉਨ੍ਹਾਂ ਦੇ ਜੀ ਓ ਜੀਜ਼ ਵੱਲੋਂ ਦਵਾਈਆਂ ਲਿਆਉਣ ਲਈ ਤੈਅ ਕੀਤੀ ਗਈ ਕਿਸੇ ਵੀ ਸਟੇਸ਼ਨ ਤੱਕ ਦੀ ਦੂਰੀ ਦਾ ਕੋਈ ਕਿਰਾਇਆ ਜਾਂ ਪੈਸਾ ਨਹੀਂ ਲਿਆ ਜਾਂਦਾ ਅਤੇ ਕੇਵਲ ਦਵਾਈ ਦੀ ਕੀਮਤ ਜੋ ਕਿ ਦੁਕਾਨਦਾਰ ਵੱਲੋਂ ਬਿੱਲ ਬਣਾ ਕੇ ਦਿੱਤਾ ਹੁੰਦਾ ਹੈ, ਹੀ ਵਸੂਲੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਲੋਹ ਦੇ ਜੀ ਓ ਜੀ ਨੇ ਤਾਂ ਦਵਾਈਆਂ ਦੀ ਸੇਵਾ ਤੋਂ ਵੀ ਅੱਗੇ ਜਾਂਦਿਆਂ ਆਪਣਾ ਇੱਕ ਮਹੀਨੇ ਦਾ ਮਾਣ-ਭੱਤਾ (11 ਹਜ਼ਾਰ ਰੁਪਏ) ਆਪਣੇ ਪਿੰਡ ਦੀ ਪੰਚਾਇਤ ਨੂੰ ਦੇ ਦਿੱਤਾ ਹੈ ਤਾਂ ਜੋ ਲੋਕ ਸੇਵਾ ’ਚ ਵਰਤਿਆ ਜਾ ਸਕੇ।