ਰਜਨੀਸ਼ ਸਰੀਨ
- ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਡੀ ਡੀ ਪੀ ਓ ਨਾਲ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ
ਨਵਾਂਸ਼ਹਿਰ, 1 ਅਪ੍ਰੈਲ 2020 - ਪੰਜਾਬ ਦੇ ਪਿੰਡਾਂ ’ਚ ਕੋਵਿਡ-19 ਰੋਕਥਾਮ ਨੂੰ ਲੈ ਕੇ ਲੋਕਾਂ ’ਚ ਇੱਕ ਮੀਟਰ ਦੇ ਫ਼ਾਸਲੇ ਨੂੰ ਲਾਗੂ ਕਰਨ ਵਿੱਚ ਹੁਣ ਪੰਚਾਇਤਾਂ ਜ਼ਿੰਮੇਂਵਾਰੀ ਨਿਭਾਉਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਇਨ੍ਹਾਂ ਹਦਾਇਤਾਂ ’ਤੇ ਅੱਜ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅਮਲ ਵੀ ਸ਼ੁਰੂ ਹੋ ਗਿਆ ਹੈ।
ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ, ਅਵਤਾਰ ਸਿੰਘ ਭੁੱਲਰ ਨੇ ਅੱਜ ਜ਼ਿਲ੍ਹੇ ਦੇ ਪਿੰਡਾਂ ਜਾਡਲਾ, ਦੌਲਤਪੁਰ, ਨਾਈ ਮਜਾਰਾ ਤੇ ਸਨਾਵਾਂ ਦਾ ਡੀ ਡੀ ਪੀਓ ਦਵਿੰਦਰ ਸ਼ਰਮਾ ਤੇ ਬੀ ਡੀ ਪੀ ਓ ਰਾਜੇਸ਼ ਚੱਢਾ ਨਾਲ ਦੌਰਾ ਕਰਨ ਬਾਅਦ ਦੱਸਿਆ ਕਿ ਪੰਜਾਬ ’ਚ ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਪਿੰਡਾਂ ’ਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਚਾਇਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਪਿੰਡਾਂ ’ਚ ਇੱਕ-ਇੱਕ ਮੀਟਰ ਦੀ ਦੂਰੀ ਦੇ ਸਪਾਟ ਬਣਾਏ ਜਾ ਰਹੇ ਹਨ ਅਤੇ ਇਹ ਥਾਂਵਾਂ ਸਬਜ਼ੀ ਦੀਆਂ ਦੁਕਾਨਾਂ, ਡੇਅਰੀ ਦੀ ਦੁਕਾਨਾਂ, ਮੈਡੀਕਲ ਦੀਆਂ ਦੁਕਾਨਾਂ ਆਦਿ ਵਿਖੇ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਬਚਾਉਣ ’ਚ ਅਸਰ ਦਾਇਕ ਸਿੱਧ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ’ਚ ਕੋਵਿਡ-19 ਦੇ ਪ੍ਰਭਾਵ ਬਾਅਦ ਲੋਕਾਂ ’ਚ ਜਾਗਰੂਕਤਾ ਦੀ ਘਾਟ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਪੰਚਾਇਤਾਂ ਨੂੰ ਆਪੋ-ਆਪਣੇ ਪਿੰਡ ਦੀ ਜ਼ਿੰਮੇਂਵਾਰ ਲੈਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਸਰਪੰਚ ਅਤੇ ਪੰਚ ਜੇਕਰ ਇਸ ਕੰਮ ਨੂੰ ਪੂਰੀ ਸੂਝ ਬੂਝ ਨਾਲ ਕਰਨਗੇ ਤਾਂ ਅਸੀਂ ਯਕੀਨੀ ਹੀ ਪਿੰਡਾਂ ’ਚੋਂ ਕੋਵਿਡ-19 ਪ੍ਰਤੀ ਸਾਵਧਾਨੀ ਨੂੰ ਬਰਕਰਾਰ ਰੱਖ ਸਕਾਂਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਮੁੱਚੇ ਪਿੰਡਾਂ ’ਚ ਸੋਡੀਅਮ ਹਾਈਪ੍ਰੋਕਲੋਰਾਇਟ ਦਾ ਛਿੜਕਾਅ ਵੀ ਕਰਵਾਇਆ ਜਾ ਚੁੱਕਾ ਹੈ ਜਿਸ ਦਾ ਅਗਲਾ ਦੌਰ ਵੀ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਰਾਤ-ਬ-ਰਾਤੇ ਕਿਸੇ ਵੀ ਪਿੰਡ ਵਾਸੀ ਨੂੰ ਮੈਡੀਕਲ ਐਮਰਜੈਂਸੀ ਆਉਣ ਦੀ ਸੂਰਤ ’ਚ ਕਰਫ਼ਿਊ ਪਾਸ ਬਣਾ ਕੇ ਦੇਣ ਦਾ ਅਧਿਕਾਰ ਵੀ ਸਰਪੰਚਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਕਿਸੇ ਨੂੰ ਇਲਾਜ ਲਈ ਹਸਪਤਾਲ ਜਾਣ ’ਚ ਕੋਈ ਮੁਸ਼ਕਿਲ ਨਾ ਆਵੇ। ਇਸੇ ਤਰ੍ਹਾਂ ਸਰਪੰਚਾਂ ਤੇ ਪੰਚਾਇਤਾਂ ਨੂੰ ਆਪਣੇ ਪਿੰਡਾਂ ’ਚ ਮੌਜੂਦ ਪ੍ਰਵਾਸੀ ਮਜ਼ਦੂਰਾਂ ਜਾਂ ਲੋੜਵੰਦ ਲੋਕਾਂ ਨੂੰ ਪੰਚਾਇਤ ਫੰਡ ਦੀ ਵਰਤੋਂ ਕਰਕੇ ਰਾਸ਼ਨ ਮੁਹੱਈਆ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹੋਏ ਹਨ।