ਹਰਿੰਦਰ ਨਿੱਕਾ
- ਜ਼ਿਲਾ ਪ੍ਰਸ਼ਾਸਨ, ਪੁਲੀਸ, ਐਨਜੀਓਜ਼ ਤੇ ਦਾਨੀ ਸੰਸਥਾਵਾਂ ਦੇ ਸਾਂਝੇ ਹੰਭਲੇ ਨਾਲ ਲਗਭਗ ਸਾਢੇ 16 ਹਜ਼ਾਰ ਘਰਾਂ ਤੱਕ ਪੁੱਜਿਆ ਰਾਸ਼ਨ
- ਰੈੱਡ ਕਰਾਸ ਸੁਸਾਇਟੀ ਰਾਹੀਂ ਮਨੁੱੱਖਤਾ ਦੀ ਸੇਵਾ ਕਰਨ ’ਚ ਐਨਐਸਐਸ ਵਲੰਟੀਅਰ ਡਟੇ
ਬਰਨਾਲਾ, 1 ਅਪ੍ਰੈਲ 2020 - ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਐਨਜੀਓਜ਼ ਤੇ ਦਾਨੀ ਸੰਸਥਾਵਾਂ ਦੇ ਸਾਂਝੇ ਹੰਭਲੇ ਨਾਲ ਜ਼ਿਲੇ ਵਿੱਚ ਕਰੀਬ ਸਾਢੇ 16 ਹਜ਼ਾਰ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਚੁੱਕਿਆ ਹੈ। ਰੈੱਡ ਕਰਾਸ ਸੁਸਾਇਟੀ ਰਾਹੀਂ ਐਨਐਸਐਸ ਤੇ ਹੋਰ ਨੌਜਵਾਨ ਵਲੰਟੀਅਰ ਮਨੁੱਖਤਾ ਦੀ ਸੇਵਾ ’ਚ ਡਟੇ ਹੋਏ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਸਲ ਲੋੜਵੰਦਾਂ ਦੀ ਪਹਿਲ ਦੇ ਆਧਾਰ ’ਤੇ ਸ਼ਨਾਖਤ ਕਰ ਕੇ ਉਨਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ। ਇਸ ਸਾਂਝੇ ਹੰਭਲੇ ਨਾਲ ਕਰੀਬ ਸਾਢੇ 16 ਹਜ਼ਾਰ ਲੋੜਵੰਦ ਪਰਿਵਾਰਾਂ ਤੱਕ ਜ਼ਰੂਰੀ ਸਾਮਾਨ ਪੁੱਜ ਚੁੱਕਿਆ ਹੈ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।
ਇਸ ਦੇ ਨਾਲ ਹੀ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਨੈਤਿਕ ਜ਼ਿੰਮੇਵਾਰੀ ਜ਼ਰੂਰ ਨਿਭਾਉਣ ਅਤੇ ਜਿਹੜੇ ਪਰਿਵਾਰਾਂ ਕੋਲ ਰਾਸ਼ਨ ਪਹਿਲਾਂ ਹੀ ਮੌਜੂਦ ਹੈ, ਉਹ ਇਮਾਨਦਾਰੀ ਵਿਖਾਉਣ ਤੇ ਅਸਲ ਲੋੜਵੰਦਾਂ ਤੱਕ ਜ਼ਰੂਰੀ ਸਾਮਾਨ ਪੁੱਜਦਾ ਕਰਨ ਵਿਚ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨਾਂ ਕਿਹਾ ਕਿ ਇਹ ਸਮਾਂ ਅਸਲ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਹੈ।
ਇਸ ਮੌਕੇ ਉਨਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਰਾਸ਼ਨ ਦਾ ਯੋਗਦਾਨ ਪਾਉਣ ਨੂੰ ਹੀ ਤਰਜੀਹ ਦੇਣ। ਇਸ ਦੇ ਨਾਲ ਹੀ ਰਾਸ਼ਨ ਵੰਡਣ ਵੇਲੇ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਲੋਕ ਆਪਸ ਵਿੱਚ ਲੋੜੀਂਦੀ ਦੂਰੀ ਬਣਾ ਕੇ ਰੱਖਣ ਤੇ ਕਿਸੇ ਤਰਾਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ। ਉਨਾਂ ਕਿ ਇਸ ਸਮਾਜਸੇਵੀ ਉਪਰਾਲੇ ਵੇਲੇ ਕਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੇ ਇਹਤਿਆਤ ਜ਼ਰੂਰ ਵਰਤੇ ਜਾਣ।