ਹਰਿੰਦਰ ਨਿੱਕਾ
ਸੰਗਰੂਰ, 1 ਅਪ੍ਰੈਲ 2020 - ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ਨੂੰ ਲੈ ਕੇ ਜਿੱਥੇ ਦਿਨ-ਰਾਤ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ ਉੱਥੇ ਕਰਫ਼ਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਬੰਧੀ ਕੋਈ ਸਮੱਸਿਆ ਨਾ ਆਵੇ ਇਸ ਵਾਸਤੇ ਪ੍ਰਸਾਸ਼ਨ ਵੱਲੋਂ ਵੱਖ-ਵੱਖ ਵਿਭਾਗਾਂ, ਗ੍ਰਾਮ ਪੰਚਾਇਤਾਂ, ਐੱਨ.ਜੀ.ਓ, ਟਰੱਸਟ, ਉਦਯੋਗਪਤੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਮੁਫ਼ਤ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਰਾਸ਼ਨ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐੱਸ.ਡੀ.ਐੱਮ. ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਗਠਿਤ ਵੱਖ ਵੱਖ ਟੀਮਾਂ ਵੱਲੋਂ ਸਬ ਡਵੀਜ਼ਨ ਸੰਗਰੂਰ ਦੇ 59 ਪਿੰਡਾਂ ਵਿੱਚ 2765 ਲੋੜਵੰਦ ਪਰਿਵਾਰਾਂ ਨੂੰ ਸੌ ਫ਼ੀਸਦ ਰਾਸ਼ਨ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਬਾਕੀ ਸਬ ਡਵੀਜ਼ਨ ਵਿੱਚ ਪੈਂਦੇ ਪਿੰਡਾਂ ਵਿੱਚ ਵੀ ਉਪ ਮੰਡਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਰਾਸ਼ਨ ਸਬੰਧੀ ਸਮੱਸਿਆ ਆ ਰਹੀ ਹੈ ਤਾਂ ਉਹ ਇਸ ਸਬੰਧੀ ਜ਼ਿਲ੍ਹਾ ਪੱਧਰ ਉੱਤੇ ਬਣਾਏ ਜ਼ਿਲ੍ਹਾ ਪੱਧਰੀ ਰਾਸ਼ਨ ਸੈੱਲ ਹੈਲਪਲਾਈਨ ਨਾਲ 01672-234188 ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਪਰਕ ਨੰਬਰ ਰਾਹੀਂ ਰਾਸ਼ਨ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਰੋਜ਼ਾਨਾ ਦੀ ਜਾਣਕਾਰੀ ਅਤੇ ਵੱਖ-ਵੱਖ ਸਹਾਇਤਾ ਸੰਪਰਕ ਨੰਬਰ ਪ੍ਰਾਪਤ ਕਰਨ ਲਈ sangrur.nic.in ਵੈੱਬਸਾਈਟ ਉੱਤੇ ਪਹੁੰਚ ਕੀਤੀ ਜਾ ਸਕਦੀ ਹੈ।