ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2020 - ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀਬੀਵਾਲਾ ਦੇ ਇੱਥ ਮਧਵਰਗੀ ਕਿਸਾਨ ਨੇ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਹਸਪਤਾਲ ਬਨਾਉਣ ਵਾਸਤੇ ਇੱਕ ਏਕੜ ਬੇਸ਼ਕੀਮਤੀ ਜ਼ਮੀਨ ਦਾਨ ਦੇਣ ਦਾ ਐਲਾਨ ਕੀਤਾ ਹੈ। ਇਹ ਪਿੰਡ ਬਠਿੰਡਾ ਤੋਂ ਥੋੜੀ ਦੂਰੀ ਤੇ ਬਠਿੰਡਾ ਛਾਉਣੀ ਦੇ ਨਜ਼ਦੀਕ ਹੈ। ਇਸ ਹਿਸਾਬ ਨਾਲ ਜਮੀਨ ਦੀ ਕੀਮਤ 1 ਕਰੋੜ ਰੁਪਿਆ ਮੰਨੀ ਜਾ ਰਹੀ ਹੈ। ਭਾਵੇਂ ਸਿਹਤ ਵਿਭਾਗ ਆਪਣੀ ਤਰਫੋਂ ਸਰਾਰੀ ਤੰਤਰ ਦੀ ਹੈਸੀਅਤ ਤੋਂ ਵੱਧ ਨਾਲ ਯਤਨ ਕਰ ਰਿਹਾ ਹੈ ਫਿਰ ਵੀ ਅਲਜਿਹੇ ਹੰਗਾਮੀ ਹਾਲਾਤਾਂ ਦੌਰਾਨ ਵੱਖ ਵੱਖ ਧਿਰਾਂ ਸਵਾਲ ਖੜੇ ਕਰ ਰਹੀਆਂ ਹਨ।
ਖਾਸ ਤੌਰ 'ਤੇ ਕੋਰੋਨਾ ਵਾਇਰਸ ਦੇ ਮਰੀਜਾਂ ਲਈ ਲੋੜੀਂਦੇ ਵੈਂਟੀਲੇਟਰਾਂ ਦੀ ਘਾਟ ਅਤੇ ਮੁਲਾਜਮਾਂ ਦੀ ਕਮੀਂ ਦੇ ਵੀ ਚਰਚੇ ਹਨ। ਅਜਿਹੇ ਹਾਲਾਤਾਂ ਦਰਮਿਆਨ ਇੱਕ ਸਧਾਰਨ ਕਿਸਾਨ ਵੱਲੋਂ ਹਸਪਤਾਲ ਬਨਾਉਣ ਲਈ ਅੱਗੇ ਆਉਣ ਨੂੰ ਵੱਡੀ ਪਹਿਲਕਦਮੀ ਮੰਨਿਆ ਜਾ ਰਿਹਾ ਹੈ। ਵੇਰਵਿਆਂ ਮੁਤਾਬਿਕ ਪਿੰਡ ਬੀਬੀਵਾਲਾ ਦਾ ਕਿਸਾਨ ਬੂਟਾ ਸਿੰਘ 4 ਏਕੜ ਜ਼ਮੀਨ ਦਾ ਮਾਲਕ ਹੈ। ਕੋਰੋਨਾ ਵਾਇਰਸ ਨੂੰ ਦੇਖਦਿਆਂ ਵਿਸ਼ੇਸ਼ ਤੌਰ ਤੇ ਪੰਜਾਬ ’ਚ ਵਧ ਰਹੀ ਮਰੀਜਾਂ ਦੀ ਗਿਣਤੀ ਅਤੇ ਹੋਈਆਂ ਮੌਤਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋੜਵੰਦਾਂ ਦੀ ਸਹਾਇਤਾ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿਸਾਨ ਬੂਟਾ ਸਿੰਘ ਅੱਗੇ ਆਇਆ ਹੈ। ਬੂਟਾ ਸਿੰਘ ਨੇ ਦੱਸਿਆ ਕਿ ਉਸ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਮੁੱਖ ਮੰਤਰੀ ਦੀ ਅਪੀਲ ਤੇ ਆਪਣੀ ਜਮੀਨ ਦੇਣ ਦੀ ਗੱਲ ਆਖੀ ਹੈ।
ਕਿਸਾਨ ਬੂਟਾ ਸਿੰਘ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਕਾਰਨ ਹਰ ਤਰਫ ਹਾਹਾਕਾਰ ਮੱਚੀ ਹੋਈ ਹੈ ਅਤੇ ਕਾਫੀ ਲੋਕ ਪੈਸੋਾ ਧੇਲਾ ਅਤੇ ਹੋਰ ਵਸਤਾਂ ਸਰਕਾਰ ਹਵਾਲੇ ਕਰ ਰਹੇ ਹਨ। ਉਨਾਂ ਦੱਸਿਆ ਕਿ ਇਨ੍ਹਾਂ ਦਾਨੀਆਂ ਵੱਲੋਂ ਕੀਤੇ ਜਾ ਰਹੇ ਦਾਨ ਨੂੰ ਦੇਖਕੇ ਉਸਨੇ ਵੀ ਕੁੱਝ ਕਰਨ ਬਾਰੇ ਸੋਚਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਹਾਇਤਾ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਡੀਆਂ ’ਚ ਵੀ ਹਸਪਤਾਲਾਂ ਦੇ ਹਾਲਾਤਾਂ ਬਾਰੇ ਆ ਰਹੀਆਂ ਖ਼ਬਰਾਂ ਅਤੇ ਲੋਕਾਂ ਨੂੰ ਆ ਰਹਆਂ ਮੁਸ਼ਕਲਾਂ ਨੇ ਉਸ ਨੂੰ ਹਸਪਤਾਲ ਬਾਰੇ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੋਕ ਕਿਸ ਤਰ੍ਹਾਂ ਪ੍ਰੇਸ਼ਾਨ ਹੋ ਰਹੇ ਹਨ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਰਹਿ ਗਈ ਲਈ ਹੈ। ਕਿਸਾਨ ਬੂਟਾ ਸਿੰਘ ਨੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਕੋਰੋਨਾ ਵਾਇਰਸ ਖਿਲਾਫ਼ ਲੜੇ ਜਾ ਰਹੇ ਇਸ ਮਹਾਂਯੁੱਧ ’ਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਲੋਕ ਇਸ ਮਹਾਂਮਾਰੀ ਤੋਂ ਸੁਰਖਰੂ ਹੋ ਸਕਣ।