ਰੋਜਾਨਾ 2000 ਤੋਂ ਵੱਧ ਆਰਡਰਾਂ ਦੀ ਕੀਤੀ ਜਾ ਰਹੀ ਹੈ ਡਲੀਵਰੀ
332 ਬਜ਼ੁਰਗ ਨਾਗਰਿਕਾਂ ਨੂੰ ਦਿੱਤੀਆਂ ਤਰਜੀਹੀ ਸੇਵਾਵਾਂ
ਐਸ ਏ ਐਸ ਨਗਰ, 02 ਅਪ੍ਰੈਲ 2020: “ਕਰਿਆਨੇ ਦੇ ਸਮਾਨ ਨੂੰ ਘਰ ਘਰ ਪਹੁੰਚਾਉਣ ਲਈ ਵੱਡੇ ਪ੍ਰਚੂਨ ਵਿਕਰੇਤਾਵਾਂ ਦੀ ਸਹਾਇਤਾ ਮਿਲਣਾ ਇੱਕ ਵੱਡੀ ਸਫਲਤਾ ਰਹੀ ਹੈ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਲਗਾਏ ਲਾਕਡਾਊਨ ਦੇ ਮੱਦੇਨਜ਼ਰ ਕਰਿਆਨੇ ਦੇ ਸਮਾਨ ਦੀ ਘਰ ਘਰ ਡਲੀਵਰੀ ਇਕ ਚੁਣੌਤੀ ਭਰਿਆ ਕੰਮ ਸੀ ਕਿਉਂਕਿ ਸਥਾਨਕ ਕਰਿਆਨਾ ਸਟੋਰਾਂ / ਆਸ ਪਾਸ ਦੀਆਂ ਦੁਕਾਨਾਂ ਕੋਲ ਲੋਕਾਂ ਨੂੰ ਘਰ-ਘਰ ਸਮਾਨ ਪਹੁੰਚਾਉਣ ਲਈ ਲੋੜੀਂਦੇ ਕਾਮਿਆਂ ਦੀ ਘਾਟ ਸੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲੇ ਵਿਚ ਵੱਡੇ ਰਿਟੇਲਰਾਂ ਨੂੰ ਸੰਚਾਲਨ ਦੀ ਆਗਿਆ ਦਿੱਤੀ ਹੈ।
ਨਤੀਜੇ ਵਜੋਂ ਪਿਛਲੇ ਚਾਰ ਦਿਨਾਂ ਵਿਚ ਵੱਡੇ ਪ੍ਰਚੂਨ ਸਟੋਰਾਂ ਜਿਵੇਂ ਬਿਗ ਬਾਸਕੇਟ, ਡੀਮਾਰਟ, ਭੇਜੋ, ਮੋਰ, ਰਿਲਾਇੰਸ, ਬਿਗ ਬਾਜ਼ਾਰ, ਗ੍ਰੋਫਰਸ ਆਦਿ ਦੁਆਰਾ ਲਗਭਗ 9500 ਆਰਡਰ ਪੂਰੇ ਕੀਤੇ ਗਏ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਦੀ ਤਰਜੀਹ ਸਪੁਰਦਗੀ ਸੇਵਾ ਸ਼ੁਰੂ ਕੀਤੀ। ਇਹ ਮਹਿਸੂਸ ਕੀਤੀ ਗਿਆ ਹੈ ਕਿ ਬਜ਼ੁਰਗ ਨਾਗਰਿਕਾਂ ਦੀ ਉਮਰ ਅਤੇ ਸਿਹਤ ਕਾਰਨ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਤੁਰੰਤ ਸਪੁਰਦਗੀ ਕਰਨਾ ਲਾਜ਼ਮੀ ਹੈ, ਇਸ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਨੂੰ ਸੀਨੀਅਰ ਨਾਗਰਿਕਾਂ ਦੁਆਰਾ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ ਉਨ੍ਹਾਂ ਨੂੰ ਖੇਤਰ ਅਨੁਸਾਰ ਨਿਰਧਾਰਤ ਨੰਬਰਾਂ 'ਤੇ ਦਿੱਤੇ ਗਏ ਆਰਡਰਾਂ ਅਨੁਸਾਰ 332 ਤਰਜੀਹੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।