ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2020 - ਕੋਰੋਨਾ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਅਤੀ ਜ਼ਰੂਰੀ ਕਦਮ ਗੰਭੀਰਤਾ ਨਾਲ ਚੁੱਕਣ ਲਈ ਪੰਜਾਬ ਦੀਆਂ 15 ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਲਿਖਤੀ ਮੰਗ ਪੱਤਰ ਪੰਜਾਬ ਦੇ ਪ੍ਰਿੰਸੀਪਲ ਮੁੱਖ ਸਕੱਤਰ ਸੁਰੇਸ਼ ਕੁਮਾਰ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਈ-ਮੇਲ ਰਾਹੀਂ ਭੇਜਿਆ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਮਜ਼ਦੂਰ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ, ਵਿੱਦਿਆਰਥੀਆਂ ਤੇ ਨੌਜਵਾਨਾਂ ਦੀਆਂ ਨੁਮਾਇੰਦਾ ਇਹਨਾਂ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਭਨਾ ਲਈ ਮੁਫਤ ਇਲਾਜ ਅਤੇ ਲੋੜਵੰਦਾਂ ਲਈ ਮੁਫਤ ਖਾਧ ਖੁਰਾਕ ਦੇਣਾ ਯਕੀਨੀ ਬਣਾਇਆ ਜਾਵੇ।
ਪੇਂਡੂ ਤੇ ਸਹਿਰੀ ਆਬਾਦੀ ਦੇ ਧੁਰ ਹੇਠਾਂ ਤੱਕ ਸਿਹਤ ਕੇਂਦਰਾਂ ਅਤੇ ਲੋਕ ਵੰਡ ਪ੍ਰਣਾਲੀ ਲਈ ਰਾਸਨ ਡਿਪੂਆਂ ਦੇ ਢਾਂਚੇ ਦਾ ਪਸਾਰਾ ਕੀਤਾ ਜਾਵੇ। ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਇਹਨਾਂ ਦਾ ਜੰਗੀ ਪੱਧਰ ਤੇ ਪਸਾਰਾ ਕੀਤਾ ਜਾਵੇ੍ਵ ਇਸ ਮਹਾਂ ਮਾਰੀ ਦੇ ਟਾਕਰੇ ਲਈ ਵੱਡੇ ਪੱਧਰ ਤੇ ਲੋੜੀਂਦੇ ਫੰਡ ਜਾਰੀ ਕੀਤੇ ਜਾਣ ।ਇਸ ਸਬੰਧੀ ਹੰਗਾਮੀ ਕਦਮ ਚੁੱਕਦਿਆਂ ਸਰਕਾਰੀ ਖਜਾਨੇ ਦਾ ਮੂੰਹ ਖੋਲਿਆ ਜਾਵੇ। ਵੱਡੇ ਉਦਯੋਗਪਤੀਆਂ ਅਤੇ ਵੱਡੇ ਭੌ ਮਾਲਕਾਂ ਦੀ ਉੱਪਰਲੀ 5 -7 ਫੀਸਦੀ ਪਰਤ ਤੇ ਮੋਟਾ “ਮਹਾਂਮਾਰੀ ਟੈਕਸ “ਲਾਕੇ ਤੁਰੰਤ ਵਸੂਲੀ ਕੀਤੀ ਜਾਵੇ।
ਲੋਕ ਵਲੰਟੀਅਰਾ ਦੀ ਅਥਾਹ ਸਕਤੀ ਨੂੰ ਸੇਵਾ ਸੰਭਾਲ ਤੇ ਸਿਹਤ ਜਾਗਰਤੀ ਲਈ ਹਰਕਤ ਵਿਚ ਆਉਣ ਦਿੱਤਾ ਜਾਵੇ। ਇਸ ਬਾਬਤ ਲੋੜੀਂਦੀ ਸਿਖਲਾਈ ਦਿੱਤੀ ਜਾਵੇ ਅਤੇ ਪਾਸ ਜਾਰੀ ਕੀਤੇ ਜਾਣ। ਪੁਲਿਸ ਸਖਤੀ , ਪ੍ਰਸਾਸਕੀ ਹੈ ਤੇ ਅੜੀਅਲ ਵਤੀਰੇ ਤੋਂ ਇਲਾਵਾ ਸਿਆਸੀ ਬੇ ਨੂੰ ਵੀ ਨੱਥ ਪਾਈ ਜਾਵੇ। ਹਾੜੀ ਦੇ ਸੀਜਨ ਨੂੰ ਮੁੱਖ ਰੱਖਦਿਆਂ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਕਰੋਨਾ ਕਾਰਨ ਕੀਤੇ ਲਾਕਡਾਊਨ ਦੇ ਪੂਰੇ ਸਮੇਂ ਦੀ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਪੱਕੇ ਤੇ ਕੱਚੇ ਮਜ਼ਦੂਰਾਂ, ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਗਰੰਟੀ ਕੀਤੀ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਦੇ ਸਾਰੇ ਖੜੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਹੋਰਨਾਂ ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਹਨਾਂ ਮੰਗਾਂ ਸਬੰਧੀ ਜਥੇਬੰਦੀਆਂ ਨੂੰ ਅਪਣਾ ਪੱਖ ਰੱਖਣ ਤੇ ਇਹਨਾਂ ਦੇ ਹੱਲ ਸਬੰਧੀ ਜਥੇਬੰਦੀਆਂ ਨੂੰ ਤੁਰੰਤ ਮੀਟਿੰਗ ਦਿੱਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਸੰਘਰਸ ਕਮੇਟੀ ਪੰਜਾਬ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਜਲ ਸਪਲਾਈ ਸੈਨੀਟੇਸਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜ਼ਿ ਨੰ 31, ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ (ਲਲਕਾਰ), ਪੀ ਐਸ ਯੂ (ਸਹੀਦ ਰੰਧਾਵਾ), ਟੈਕਨੀਕਲ ਸਰਵਿਸਜ ਯੂਨੀਅਨ, ਨੌਜਵਾਨ ਭਾਰਤ ਸਭਾ, ਪੀ ਐਸ ਯੂ (ਲਲਕਾਰ ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜਮ ਯੂਨੀਅਨ ਅਜਾਦ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜਮ ਯੂਨੀਅਨ ਠੇਕਾ ਮੁਲਾਜਮ ਸੰਘਰਸ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਸ਼ਾਮਲ ਹਨ। ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ ਇਹ ਮੰਗਾਂ ਤੁਰੰਤ ਲਾਗੂ ਕਰਨ ਲਈ ਹੰਗਾਮੀ ਕਦਮ ਉਠਾਏ ਜਾਣ।