ਹਰਿੰਦਰ ਨਿੱਕਾ
ਸੰਗਰੂਰ, 2 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਘਰ ਤੱਕ ਪਹੁੰਚ ਕਰਵਾਉਣ ਲਈ ਕੋਵਾ ਪੰਜਾਬ ਐਪ (COVA PUNJAB APP) ਵਿੱਚ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ। ਇਹ ਮੋਡਿਊਲ ਸਾਰੇ ਦੁਕਾਨਦਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਆਪਣੇ ਨਾਲ ਸਬੰਧਤ ਕੰਮ ਲਈ ਵਰਤ ਸਕਦੇ ਹਨ। ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਮੋਡਿਊਲ ਨੂੰ ਵਰਤਣ ਲਈ ਪੰਜਾਬ ਸਰਕਾਰ ਦੀ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ ਜੋ ਕਿ ਗੁਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਵਿੱਚ ਮੁਫ਼ਤ ਉਪਲੱਬਧ ਹੈ।ਕੋਵਾ ਐਪ ਦੀ ਮੈਨਯੂ ਵਿੱਚ ਰਿਕਵੈਸਟ ਗਰੋਸਰੀ ਟਾਇਪ 'ਤੇ ਕਲਿੱਕ ਕਰਕੇ ਇਹ ਮੋਡਿਊਲ ਖੁਲ੍ਹ ਜਾਵੇਗਾ। ਇਸ ਤੋਂ ਬਾਅਦ ਨਾਗਰਿਕ ਆਪਣੀ ਲੋਕੇਸ਼ਨ ਸੈੱਟ ਕਰਕੇ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਦੇਖ ਸਕਣਗੇ।ਇਹ ਐਪ ਕੇਵਲ ਉਨ੍ਹਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ ਜਿਨ੍ਹਾਂ ਨੇ ਇਸ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ ਅਤੇ ਜਿਨ੍ਹਾਂ ਦੁਕਾਨਦਾਰਾਂ ਨੂੰ ਇਸ ਐਪ ਰਾਹੀਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੰਨਜ਼ੂਰੀ ਦਿੱਤੀ ਜਾਵੇਗੀ।
ਥੋਰੀ ਨੇ ਦੱਸਿਆ ਕਿ ਇਸ ਮੋਡਿਊਲ ਰਾਹੀਂ ਨਾਗਰਿਕ ਫ਼ਲ-ਸਬਜ਼ੀਆਂ, ਦਵਾਈਆਂ, ਦੁੱਧ ਉਤਪਾਦ ਅਤੇ ਕਰਿਆਣੇ ਦੇ ਸਮਾਨ ਨੂੰ ਲੋੜ ਅਨੁਸਾਰ ਆਪਣੇ ਘਰ ਮੰਗਵਾ ਸਕਦੇ ਹਨ। ਖਰੀਦੇ ਸਮਾਨ ਦੀ ਰਾਸ਼ੀ ਦਾ ਭੁਗਤਾਨ ਆਰਡਰ ਦੀ ਡਿਲੀਵਰੀ ਸਮੇਂ ਹੀ ਕਰਨਾ ਹੈ ਅਤੇ ਜੇਕਰ ਨਾਗਰਿਕ ਆਪਦੇ ਆਰਡਰ ਤੋਂ ਸੰਤੁਸ਼ਟ ਨਾ ਹੋਣ ਤਾਂ ਕੋਵਾ ਐਪ ਵਿੱਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਰਜਿਸਟਰਡ ਦੁਕਾਨਦਾਰ ਆਪਣਾ ਸਮਾਨ ਲੋਕਾਂ ਤੱਕ ਸਪਲਾਈ ਕਰਨ ਲਈ ਇਸ ਮੋਡਿਊਲ ਰਾਹੀਂ ਰਜਿਸਟ੍ਰੇਸ਼ਨ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕਿਸੇ ਵੀ ਵਸਤੂ ਦਾ ਵੇਚ ਮੁੱਲ ਐਮ.ਆਰ.ਪੀ. ਰੇਟਾਂ ਤੋਂ ਵੱਧ ਨਾ ਹੋਵੇ ਅਤੇ ਦੁਕਾਨਦਾਰ ਕੋਲ ਸਮਾਨ ਘਰ ਪਹੁੰਚਾਉਣ ਦੀ ਆਪਣੇ ਪੱਧਰ 'ਤੇ ਸੁਵਿਧਾ ਹੋਵੇ। ਅਜਿਹਾ ਨਾ ਹੋਣ 'ਤੇ ਉਸਦੀ ਅਰਜ਼ੀ ਰੱਦ ਹੋ ਸਕਦੀ ਹੈ। ਦੁਕਾਨਦਾਰ ਨੂੰ ਸਭ ਤੋਂ ਪਹਿਲਾਂ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਰਿਕਵੈਸਟ ਗਰੋਸਰੀ ਟਾਇਪ 'ਤੇ ਕਲਿੱਕ ਕਰਨਾ ਹੋਵੇਗਾ। ਇਸ ਉਪਰੰਤ ਉਹ ਵੈਨਡਰ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਕੇ ਆਨਰੋਲ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਅਰਜੀ ਦੇਣ ਲਈ ਜ਼ਿਲ੍ਹੇ ਦਾ ਨਾਮ, ਸ਼ਹਿਰ ਦਾ ਨਾਮ, ਦੁਕਾਨ ਦਾ ਨਾਮ, ਆਪਣਾ ਨਾਮ, ਮੋਬਾਇਲ ਨੰਬਰ ਅਤੇ ਪੂਰਾ ਪਤਾ ਦੱਸਣਾ ਹੋਵੇਗਾ ਅਤੇ ਫਿਰ ਵੇਚਣ ਵਾਲੀਆਂ ਵਸਤਾਂ ਜਿਵੇਂ ਦੁੱਧ ਉਤਪਾਦ, ਫ਼ਲ-ਸਬਜ਼ੀਆਂ, ਦਵਾਈਆਂ, ਕਰਿਆਣਾ ਬਾਰੇ ਜਾਣਕਾਰੀ ਦੇਣੀ ਹੋਵੇਗੀ ਤੇ ਆਖਿਰ ਵਿੱਚ ਡਿਲੀਵਰੀ ਕਰਤਾ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਉਪਰੰਤ ਇਹ ਰਜਿਸਟ੍ਰੇਸ਼ਨ ਦਰਖ਼ਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਨਲਾਈਨ ਚਲੀ ਜਾਵੇਗੀ।
ਜੇਕਰ ਇਹ ਦਰਖ਼ਾਸਤ ਮਨਜੂਰ ਹੋ ਜਾਂਦੀ ਹੈ ਤਾਂ ਸਬੰਧਤ ਦੁਕਾਨਦਾਰ ਦੇ ਮੋਬਾਇਲ 'ਤੇ ਇੱਕ ਆਈ.ਡੀ. ਅਤੇ ਪਾਸਵਰਡ ਭੇਜ ਦਿੱਤਾ ਜਾਵੇਗਾ। ਇਹ ਆਈ.ਡੀ. ਪਾਸਵਰਡ ਵਰਤ ਕੇ ਦੁਕਾਨਦਾਰ ਦੁਕਾਨ ਦੇ ਸਟਾਕ ਅਤੇ ਉਨ੍ਹਾਂ ਦੀ ਵਿਕਰੀ ਨੂੰ ਅਪਡੇਟ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਵੱਲੋਂ ਕੀਤੇ ਗਏ ਆਰਡਰ ਦੁਕਾਨਦਾਰ ਆਪਣੀ ਲਾਗਿਨ ਆਈ.ਡੀ. ਵਿੱਚ ਦੇਖ ਸਕਦਾ ਹੈ ਅਤੇ ਨਾਗਰਿਕ ਵੱਲੋਂ ਦਿੱਤੇ ਗਏ ਪਤੇ 'ਤੇ ਇਹ ਆਰਡਰ ਪਹੁੰਚਾਉਣੇ ਹੋਣਗੇ। ਦੁਕਾਨਦਾਰ ਆਪਣੇ ਆਰਡਰ ਦੀ ਕੀਮਤ ਸਮਾਨ ਪਹੁੰਚਾਉਣ 'ਤੇ ਵਸੂਲ ਪਾਏਗਾ। ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਿਸੇ ਵੀ ਸਮੇਂ ਕਿਸੇ ਵੀ ਦੁਕਾਨਦਾਰ ਦੀ ਰਜਿਸਟ੍ਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ।