ਚੌਧਰੀ ਮਨਸੂਰ ਘਨੋਕੇ
ਕਾਦੀਆਂ, 2 ਅਪ੍ਰੈਲ 2020 - ਪੰਜਾਬ ਸਰਕਾਰ ਵਲੋਂ 10 ਲੱਖ ਦੇ ਕਰੀਬ ਪਰਿਵਾਰਾਂ ਨੂੰ ਰਾਸ਼ਣ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਪਿਛਲੇ 10 ਦਿਨਾਂ ਤੋਂ ਗ਼ਰੀਬੀ ਅਤੇ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਕਾਦੀਆਂ ਚ 16 ਝੁੱਗੀਾਂ ਝੋਪੜੀਆਂ ਵਾਲੇ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਸ਼ਣ ਨਹੀਂ ਮਿਲਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਝੁੱਗੀ ਝੋਪੜੀ ਵਾਲਿਆਂ ਨੇ ਦੱਸਿਆ ਕਿ 10 ਦਿਨਾਂ 'ਚ ਕੇਵਲ ਇੱਕ ਦੋ ਦਿਨ ਹੀ ਕਿਸੇ ਐਨ ਜੀ ਉਜ਼ ਸੰਸਥਾ ਵਲੋਂ ਪੱਕਿਆ ਹੋਇਆ ਭੋਜਨ ਮਹੁੱਈਆ ਕਰਵਾਇਆ ਗਿਆ ਸੀ। ਪਰ ਅਜੇ ਤੱਕ ਰਾਸ਼ਣ ਨਹੀਂ ਮਿਲਿਆ ਹੈ।
ਇਨ੍ਹਾਂ ਝੁੱਗੀ ਵਾਲਿਆਂ ਨੇ ਦੱਸਿਆ ਕਿ ਕਈ ਵਾਰੀ ਉਹ ਨਗਰ ਕੌਂਸਲ, ਸਥਾਨਕ ਲੀਡਰ ਅਤੇ ਪੁਲਿਸ ਸਟੇਸ਼ਨ ਦੇ ਚੱਕਰ ਕੱਟ ਚੁੱਕੇ ਹਨ ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿਤਾ ਜਾਂਦਾ ਹੈ ਕਿ ਤੁਹਾਡੇ ਘਰਾਂ 'ਚ ਰਾਸ਼ਣ ਪਹੁੰਚ ਜਾਵੇਗਾ। ਪਰ ਅਜੇ ਤੱਕ ਕਿਸੇ ਨੂੰ ਰਾਸ਼ਣ ਨਹੀਂ ਮਿਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਵਲੋਂ ਦਿੱਤੇ ਨੰਬਰਾਂ ਤੇ ਜਦੋਂ ਫ਼ੋਨ ਕੀਤਾ ਜਾਂਦਾ ਹੈ ਤਾਂ ਜਾਂ ਤਾਂ ਫ਼ੋਨ ਨਹੀਂ ਚੁੱਕਦੇ ਜਾਂ ਕੱਟ ਦਿੱਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਬੱਚੇ ਭੁੱਖ ਨਾਲ ਬਿਲਕਦੇ ਰਹਿੰਦੇ ਹਨ।
ਉਨ੍ਹਾਂ ਨੂੰ ਦੁੱਧ ਤਾਂ ਦੂਰ ਦੀ ਗੱਲ ਦੋ ਸਮੇਂ ਦਾ ਖਾਣਾ ਤੱਕ ਨਹੀਂ ਦੇ ਮਿਲ ਰਿਹਾ। ਕੁੱਝ ਘਰਾਂ ਤੋਂ ਮੰਗ ਮੰਗ ਕੇ ਰਾਸ਼ਣ ਇਕੱਠਾ ਕੀਤਾ ਸੀ ਜੋ ਕਿ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਨੂੰ ਅੱਗੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਹੈ। ਇੱਕ ਬੱਚੇ ਨੇ ਦੱਸਿਆ ਕਿ ਉਸਦਾ ਦੁੱਧ ਪੀਣ ਨੂੰ ਦਿਲ ਕਰ ਰਿਹਾ ਹੈ ਪਰ ਕਈ ਦਿਨਾਂ ਤੋਂ ਦੁੱਧ ਹੀ ਨਸੀਬ ਨਹੀਂ ਹੋਇਆ ਹੈ। ਉਹ ਆਪਣੇ ਸਾਥੀਆਂ ਨਾਲ ਜੰਗਲੀ ਫ਼ੱਲ ਫਲਰੂਟ ਖਾ ਕੇ ਸੰਤੁਸ਼ਟ ਹੋ ਰਹੇ ਹਨ। ਇਹ ਗੱਲ ਵਰਨਣਯੋਗ ਹੈ ਕਿ ਕਈ ਘਰਾਂ ਦੀ ਹਾਲਤ ਬੇਸ਼ਕ ਚੰਗੀ ਹੈ ਪਰ ਰਸੋਈ 'ਚ ਰਾਸ਼ਨ ਨਹੀਂ ਹੈ। ਕਈ ਘਰਾਂ ਦੇ ਚੁੱਲ੍ਹੇ ਬੁੱਝ ਚੁੱਕੇ ਹਨ। ਇਸ ਮੌਕੇ 'ਤੇ ਕਈ ਝੁੱਗੀ ਝੌਂਪੜੀ ਵਾਲੀਆਂ ਨੇ ਰਾਹਤ ਫ਼ਾਂਉਂਡੇਸ਼ਨ ਦੇ ਸਕੱਤਰ ਮੁਕੇਸ਼ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਦਵਾਈ ਖਰੀਦਣ ਲਈ ਪੈਸੇ ਤੱਕ ਨਹੀਂ ਹਨ। ਉਨ੍ਹਾਂ ਦੇ ਬੱਚਿਆ ਨੇ ਸਵੇਰ ਤੋਂ ਕੁੱਝ ਖਾਦਾ ਨਹੀਂ ਹੈ। ਜਿਸ ਤੇ ਮੁਕੇਸ਼ ਕੁਮਾਰ ਨੇ ਤੁਰੰਤ ਨਜ਼ਦੀਕ ਸਿੱਥਤ ਇਕ ਫ਼ੈਕਟਰੀ ਮਾਲਿਕ ਤੋਂ ਗੱਲ ਕਰਕੇ ਗ਼ਰੀਬ ਬਚਿਆਂ ਨੂੰ ਨਮਕੀਨ ਭੁਜੀਆ ਅਤੇ ਬਿਸਕੁਟ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਇਕ ਦੋ ਦਿਨਾਂ ਤੱਕ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ।