ਮਨਪ੍ਰੀਤ ਸਿੰਘ ਜੱਸੀ
- ਖਪਤਕਾਰ ਵੱਧ ਮੁੱਲ ਭਾਅ ਦੀ ਸ਼ਿਕਾਇਤ 0172-2684000 'ਤੇ ਕਰਵਾ ਸਕਦੇ ਨੇ ਦਰਜ
ਅੰਮ੍ਰਿਤਸਰ, 2 ਅਪ੍ਰੈਲ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵਿਚ ਵੱਧ ਕੀਮਤ ਵਸੂਲ ਕੇ ਜ਼ਰੂਰੀ ਵਸਤਾਂ ਵੇਚਣ ਵਾਲੇ ਵਿਕਰੇਤਾਵਾਂ ਉੱਤੇ ਛਾਪਾ ਮਾਰਨ ਦੀ ਕਾਰਵਾਈ ਵਿਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ 19 ਕਾਰਨ ਬਣੇ ਹੋਏ ਹਾਲਾਤਾਂ ਵਿੱਚ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸੂਬੇ ਵਿੱਚ ਜਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ.ਜਾਂ ਉਸ ਤੋਂ ਘੱਟ ਉਤੇ ਹੀ ਹੋਵੇ।
ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਇਸ ਬਾਬਤ ਟੀਮਾਂ ਬਨਾਉਣ ਦੇ ਨਿਰੇਦਸ਼ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਵੱਧ ਮੁੱਲ ਵਸੂਲਦਾ ਹੈ ਤਾਂ ਇਕ ਖਪਤਕਾਰ ਵਜੋਂ ਉਹ ਆਪਣੀ ਸ਼ਿਕਾਇਤ 0172-2684000 ਤੇ ਆਪਣੀ ਸ਼ਿਕਾਇਤ ਉਤੇ ਦਰਜ ਕਰਵਾ ਸਕਦੇ ਹਨ।
ਇਸੇ ਦੌਰਾਨ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਵੀ ਜ਼ਰੂਰੀ ਵਸਤਾਂ ਜਿਵੇਂ ਕਿ ਦਵਾਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜਾਂ ਦੇ ਭਾਅ ਐਮ.ਆਰ. ਪੀ. ਅਨੁਸਾਰ ਜਾਂ ਉਸ ਤੋਂ ਘੱਟ ਤੇ ਵੇਚਣ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਜਿਲ੍ਹੇ ਭਰ ਵਿਚ ਛਾਪੇ ਮਾਰੀ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਇਸ ਸੰਕਟ ਦੇ ਸਮੇਂ ਵਿਚ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਨਾ ਚੁੱਕਣ। ਜੇਕਰ ਜਿਲ੍ਹੇ ਭਰ ਵਿਚ ਕੋਈ ਦੁਕਾਨਦਾਰ ਵੱਧ ਵਸੂਲੀ ਕਰਦਾ ਫੜਿਆ ਗਿਆ ਤਾਂ ਉਸਨੂੰ ਜੁਰਮਾਨੇ ਦੇ ਨਾਲ-ਨਾਲ ਸਖਤ ਸਜ਼ਾ ਵੀ ਦਿੱਤੀ ਜਾਵੇਗੀ।